International Punjabi Peer Reviewed/ Refereed Literary and Research Journal (ISSN:-2584-0509)

ਸਾਹਿਤ

‘ਸਾਹਿਤ’ ਮਨੁੱਖੀ ਜ਼ਜਬਿਆਂ ਅਤੇ ਭਾਵਾਂ ਦਾ ਕਲਾਤਮਕ ਪ੍ਰਗਟਾਅ ਹੈ। ਸਾਹਿਤਕਾਰ ਦੇ ਆਲੇ-ਦੁਆਲੇ ਵਾਪਰਦੇ ਵਰਤਾਰੇ ਹਾਂ-ਪੱਖੀ ਜਾਂ ਨਾਂ-ਪੱਖੀ ਕਿਸੇ ਨਾ ਕਿਸੇ ਰੂਪ ਵਿੱਚ ਸਾਹਿਤਕਾਰ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ । ਸਾਹਿਤਕਾਰ ਆਪਣੇ ਉੱਪਰ ਪੈਣ ਵਾਲੇ ਇਨ੍ਹਾਂ ਪ੍ਰਭਾਵਾਂ ਨੂੰ ਕਲਾਤਮਿਕ ਤਰੀਕੇ ਨਾਲ ਕਲਮਬੰਦ ਕਰ ਦਿੰਦਾ ਹੈ ਅਤੇ ਕਲਮਬੰਦ ਕੀਤੀ ਇਹ ਰਚਨਾ ਹੀ ਸਾਹਿਤ ਅਖਵਾਉਂਦੀ ਹੈ। ਸਾਹਿਤਕ ਰਚਨਾ ਵਿੱਚ ਚਾਰ ਤੱਤਾਂ ਦੀ ਮੌਜੂਦਗੀ ਲਾਜ਼ਮੀ ਪ੍ਰਵਾਨ ਕੀਤੀ ਗਈ ਹੈ:- ਭਾਵ, ਕਲਪਨਾ, ਬੁੱਧੀ ਅਤੇ ਸ਼ੈਲੀ।

ਭਾਵ:- ਸਹਿਤਕ ਰਚਨਾ ਵਿੱਚ ਭਾਵ ਦਾ ਅਰਥ ਜ਼ਜਬਿਆਂ, ਸੰਵੇਦਨਾਵਾਂ ਅਤੇ ਸੂਖਮ ਭਾਵਾਂ ਦਾ ਅਜਿਹਾ ਪ੍ਰਗਟਾਅ ਹੁੰਦਾ ਹੈ, ਜੋ ਪਾਠਕ, ਸਰੋਤੇ ਜਾਂ ਦਰਸ਼ਕ ਆਦਿ ਦੇ ਦਿਲ ਨੂੰ ਹਲੂਣਾ ਦੇਣ ਦੀ ਸਮਰੱਥਾ ਰੱਖਦਾ ਹੈ।

ਕਲਪਨਾ:- ਕਿਸੇ ਸਾਹਿਤਕਾਰ ਕੋਲ ਜਿੰਨੀ ਕਲਪਨਾ ਦੀ ਉਡਾਰੀ ਭਰਨ ਦੀ ਸ਼ਕਤੀ ਵਧੇਰੇ ਹੋਵੇਗੀ, ਭਾਵਾਂ ਦਾ ਚਿਤਰਨ ਉਨ੍ਹਾਂ ਹੀ ਵਧੇਰੇ ਪ੍ਰਭਾਵਸ਼ਾਲੀ ਅਤੇ ਬਾ-ਕਮਾਲ ਹੋਵੇਗਾ। ਇਹ ਕਲਪਨਾ ਸ਼ਕਤੀ ਹੀ ਹੁੰਦੀ ਹੈ, ਜੋ ਸਧਾਰਨ ਜਹੀ ਗੱਲ ਦੀ ਪੇਸ਼ਕਾਰੀ ਇਸ ਤਰ੍ਹਾਂ ਕਰਦੀ ਹੈ ਕਿ ਪਾਠਕ, ਸਰੋਤੇ ਜਾਂ ਦਰਸ਼ਕ ਅਸ਼-ਅਸ਼ ਕਰ ਉੱਠਦਾ ਹੈ।

ਬੁੱਧੀ:- ਭਾਵਾਂ ਅਤੇ ਕਲਪਨਾਂ ਵਿੱਚ ਸੁਮੇਲ ਪੈਦਾ ਕਰਨ ਦਾ ਕਾਰਜ ਬੁੱਧੀ ਕਰਦੀ ਹੈ। ਸਾਹਿਤਕਾਰ ਬੁੱਧੀ ਦੀ ਸਹਾਇਤਾ ਨਾਲ ਘਟਨਾਵਾਂ ਦੀ ਪੇਸ਼ਕਾਰੀ ਨੂੰ ਯਥਾਯੋਗ ਤਰਤੀਬ ਦਿੰਦਾ ਹੋਇਆ, ਸਾਹਿਤਕ ਰਚਨਾ ਵਿੱਚ ਖਿੱਚ ਅਤੇ ਰੌਚਿਕਤਾ ਭਰਦਾ ਹੈ।

ਸ਼ੈਲੀ:- ਇਸਦਾ ਸੰਬੰਧ ਰਚਨਾ ਦੇ ਰੂਪਕ ਪੱਖ ਨਾਲ ਹੈ, ਸਾਹਿਤਕ ਰਚਨਾ ਦੀ ਸਮੁੱਚੀ ਪੇਸ਼ਕਾਰੀ ਦੇ ਅੰਦਾਜ਼ ਨੂੰ ਸ਼ੈਲੀ ਦਾ ਨਾਮ ਦਿੱਤਾ ਜਾਂਦਾ ਹੈ। ਇਹ ਹਰ ਸਹਿਤਕਾਰ ਦੀ ਆਪਣੀ-ਆਪਣੀ ਹੁੰਦੀ ਹੈ। ਸ਼ੈਲੀ ਵਿੱਚ ਸਾਹਿਤਕਾਰ ਦੀ ਸਖਸ਼ੀਅਤ ਦਾ ਝਲਕਾਰਾ ਹੁੰਦਾ ਹੈ।

ਸੰਖੇਪ ਵਿੱਚ ਸਾਹਿਤ ‘ਸੱਤਿਅਮ ਸ਼ਿਵਮ ਸੁੰਦਰਮ’ ਹੈ। ਅੱਜ ਸਾਹਿਤ ਦੇ ਅਨੇਕਾਂ ਰੂਪ ਕਵਿਤਾ, ਗ਼ਜ਼ਲ, ਨਾਟਕ, ਨਾਵਲ, ਕਹਾਣੀ, ਲੇਖ, ਵਾਰਤਕ, ਸੰਸਮਰਣ, ਅਤੇ ਸਫ਼ਰਨਾਮਾ ਆਦਿ ਪ੍ਰਚਲਿਤ ਹਨ, ਜੋ ਕਿ ਅੱਗੋਂ ਅਕਾਰ ਅਤੇ ਸਿਰਜਣ ਪ੍ਰਕਿਰਿਆ ਦੇ ਪੱਖੋਂ ਅਨੇਕਾਂ ਉੱਪ ਰੂਪਾਂ ਵਿੱਚ ਵੰਡੇ ਹੋਏ ਹਨ। ਅੰਤਰ ਰਾਸ਼ਟਰੀ ਪੰਜਾਬੀ ਪੀਅਰ ਰੀਵਿਊਡ/ਰੈਫ਼ਰੀਡ ਸਾਹਿਤਕ ਅਤੇ ਖੋਜ ਜਰਨਲ ‘ਖੋਜਨਾਮਾ’ ਇਨ੍ਹਾਂ ਸਾਰੇ ਨਵੇਂ-ਪੁਰਾਣੇ ਸਾਹਿਤ ਰੂਪਾਂ ਨੂੰ ਪ੍ਰਕਾਸ਼ਿਤ ਕਰਨ ਲਈ ਮੰਚ ਪ੍ਰਦਾਨ ਕਰਕੇ ਸਾਹਿਤਕਾਰਾਂ ਨੂੰ ਸਾਹਿਤ ਰਚਨਾ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦੇ ਨਾਲ-ਨਾਲ ਪਾਠਕਾਂ ਨੂੰ ਪੜ੍ਹਨ ਲਈ ਸਮੱਗਰੀ ਪ੍ਰਦਾਨ ਕਰਦਾ ਹੈ ਅਤੇ ਸਾਹਿਤਕਾਰਾਂ ਤੇ ਪਾਠਕਾਂ ਵਿੱਚਕਾਰ ਇੱਕ ਪੁਲ ਦੀ ਭੂਮਿਕਾ ਨਿਭਾਉਂਦਾ ਹੈ।

Scroll to Top