‘ਅਨੁਵਾਦ’ ਇੱਕ ਕਲਾ ਹੈ। ਕਿਸੇ ਇੱਕ ਭਾਸ਼ਾ ਵਿੱਚ ਕਹੀ ਜਾਂ ਲਿਖੀ ਗੱਲ ਨੂੰ ਕਿਸੇ ਦੂਜੀ ਭਾਸ਼ਾ ਵਿੱਚ ਕਹਿਣਾ ਜਾਂ ਲਿਖਣਾ ਅਨੁਵਾਦ ਕਹਾਉਂਦਾ ਹੈ। ਅਨੁਵਾਦ ਦਾ ਕੰਮ ਪਹਿਲੀ ਨਜ਼ਰ ਵਿੱਚ ਜਿੰਨਾਂ ਸਹਿਜ ਜਾਂ ਸਰਲ ਲੱਗਦਾ ਹੈ, ਇਹ ਉਨ੍ਹਾਂ ਹੀ ਮੁਸ਼ਕਿਲ ਅਤੇ ਪੇਚੀਦਾ ਕਾਰਜ ਹੈ ਕਿਉਂਕਿ ਅਨੁਵਾਦ ਲਈ ਮਹਿਜ਼ ਦੋ ਭਾਸ਼ਵਾਂ ਦਾ ਗਿਆਨ ਹੋਣਾ ਹੀ ਕਾਫੀ ਨਹੀਂ ਹੁੰਦਾ। ਇੱਕ ਅਨੁਵਾਦਕ ਲਈ ਲਾਜ਼ਮੀ ਹੈ ਕਿ ਉਸਨੂੰ ਭਾਸ਼ਾ ਦਾ ਗਿਆਨ ਹੋਣ ਦੇ ਨਾਲ-ਨਾਲ, ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਆਦਿ ਪੱਖਾਂ ਦੀ ਵੀ ਭਰਪੂਰ ਸਮਝ ਹੋਵੇ ਕਿਉਂਕਿ ਕਿਸੇ ਵੀ ਖਿੱਤੇ ਦੇ ਸਾਹਿਤ ਦੇ ਅਰਥ ਉਸ ਖਿੱਤੇ ਦੇ ਲੋਕਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਆਦਿ ਦੇ ਸੰਦਰਭ ਵਿੱਚ ਹੀ ਠੀਕ ਅਤੇ ਉਚਿਤ ਤਰੀਕੇ ਨਾਲ ਸਮਝੇ ਜਾ ਸਕਦੇ ਹਨ। ਬੇਸ਼ੱਕ ਅਨੁਵਾਦ ਦੀ ਪਰੰਪਰਾ ਬਹੁਤ ਪੁਰਾਣੀ ਹੈ, ਪਰੰਤੂ ਸਮਕਾਲੀ ਦੌਰ ਵਿੱਚ ਅਨੁਵਾਦ ਅਤੇ ਅਨੁਵਾਦਕ ਦੋਹਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ ਕਿਉਂਕਿ ਹੁਣ ਪੂਰਾ ਵਿਸ਼ਵ ਇੱਕ ਪਿੰਡ ਦਾ ਰੂਪ ਧਾਰਨ ਕਰ ਚੁੱਕਿਆ ਹੈ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਆਦਿ ਲੋੜਾਂ ਇੱਕ ਖਿੱਤੇ ਅਤੇ ਸੱਭਿਆਚਾਰ ਦੇ ਲੋਕਾਂ ਨੂੰ ਦੂਜੇ ਖਿੱਤੇ ਅਤੇ ਸੱਭਿਆਚਾਰ ਦੇ ਲੋਕਾਂ ਦੇ ਨੇੜੇ ਲੈ ਆਈਆਂ ਹਨ। ਹਰ ਕਿਸੇ ਭੂਗੋਲਿਕ ਅਤੇ ਸੱਭਿਆਚਰਕ ਖਿੱਤੇ ਦੇ ਲੋਕਾਂ ਲਈ ਦੂਜੇ ਭੂਗੋਲਿਕ ਅਤੇ ਸੱਭਿਆਚਾਰਕ ਖਿੱਤੇ ਦੇ ਲੋਕਾਂ ਨੂੰ ਸਮਝਣਾ ਜਰੂਰੀ ਅਤੇ ਮਜ਼ਬੂਰੀ ਬਣ ਗਿਆ ਹੈ। ਅਜਿਹੇ ਵਿੱਚ ਅਨੁਵਾਦ ਇੱਕ ਬ੍ਰਹਮ ਅਸਤਰ ਦੇ ਰੂਪ ਵਿੱਚ ਸਹਾਇਕ ਹੁੰਦਾ ਹੈ। ਕਿਸੇ ਵੀ ਸੱਭਿਆਚਾਰ ਦਾ ਦਰਪਣ ਉਸ ਦਾ ਸਾਹਿਤ ਹੁੰਦਾ ਹੈ, ਸ੍ਰੋਤ ਭਾਸ਼ਾ ਤੋਂ ਲਕਸ਼ ਭਾਸ਼ਾ ਵਿੱਚ ਹੋਇਆ ਅਨੁਵਾਦ, ਲਕਸ਼ ਭਾਸ਼ਾ ਦੇ ਲੋਕਾਂ ਨੂੰ ਰੌਚਿਕ ਤਰੀਕੇ ਨਾਲ ਸ੍ਰੋਤ ਭਾਸ਼ਾ ਦੇ ਲੋਕਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਜੀਵਨ ਆਦਿ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਇਸ ਤੋਂ ਇਲਾਵਾ ਅਨੁਵਾਦ ਦੀ ਸਹਾਇਤਾ ਨਾਲ ਲਕਸ਼ ਭਾਸ਼ਾ ਦਾ ਸਾਹਿਤ ਵੀ ਅਮੀਰ ਹੁੰਦਾ ਹੈ। ਅੰਤਰ ਰਾਸ਼ਟਰੀ ਪੰਜਾਬੀ ਪੀਅਰ ਰੀਵਿਊਡ/ਰੈਫ਼ਰੀਡ ਸਾਹਿਤਕ ਅਤੇ ਖੋਜ ਜਰਨਲ ‘ਖੋਜਨਾਮਾ’ ਵੱਖ-ਵੱਖ ਭਾਸ਼ਾਵਾਂ ਤੋਂ ਵੱਖ-ਵੱਖ ਸਾਹਿਤ ਰੂਪਾਂ ਦੇ ਪੰਜਾਬੀ ਵਿੱਚ ਹੋਏ ਅਨੁਵਾਦ ਨੂੰ ਪ੍ਰਕਾਸ਼ਿਤ ਕਰਕੇ, ਅਨੁਵਾਦਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ, ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਵਿਸ਼ਵ ਸਾਹਿਤ ਨਾਲ ਜੋੜਨ ਦਾ ਵੀ ਉਪਰਾਲਾ ਕਰਦਾ ਹੈ।