‘ਖੋਜ’ ਮਨੁੱਖ ਦੀ ਜਗਿਆਸੂ ਪ੍ਰਵ੍ਰਿਤੀ ਦੀ ਦੇਣ ਹੈ, ਮਨੁੱਖ ਦੀ ਇਹ ਪ੍ਰਵ੍ਰਿਤੀ ਹੀ ਮਨੁੱਖ ਨੂੰ ਜੰਗਲੀ ਜੀਵਨ ਤੋਂ ਮਹਾਂਨਗਰੀ ਜੀਵਨ ਅਤੇ ਹੁਣ ਇਸ ਤੋਂ ਵੀ ਅਗਾਂਹ ਪਰਗ੍ਰਹਿਆਂ ਦੇ ਜੀਵਨ ਤੱਕ ਲੈ ਕੇ ਜਾ ਰਹੀ ਹੈ। ਖੋਜ ਤੋਂ ਭਾਵ ਕਿਸੇ ਚੀਜ਼, ਵਸਤ ਆਦਿ ਨੂੰ ਲੱਭਣਾ ਜਾਂ ਤਲਾਸ਼ ਕਰਨਾ ਹੈ। ਸਧਾਰਨ ਅਰਥਾਂ ਵਿੱਚ ਖੋਜਿਆ ਉਸਨੂੰ ਜਾਂਦਾ ਹੈ, ਜੋ ਗੁਆਚ ਗਿਆ ਹੋਵੇ, ਜਾਂ ਲੱਭ ਨਾ ਰਿਹਾ ਹੋਵੇ, ਵਿਗਿਆਨ ਦੀ ਭਾਸ਼ਾ ਵਿੱਚ ਕੁੱਝ ਨਵਾਂ ਇਜ਼ਾਦ ਕਰਨਾ ਖੋਜ ਅਖਵਾਉਂਦਾ ਹੈ। ਪਰੰਤੂ ਸਾਹਿਤਕ ਖੇਤਰ ਦੀ ਖੋਜ ਆਮ ਅਤੇ ਵਿਗਿਆਨ ਦੋਹਾਂ ਤੋਂ ਭਿੰਨ ਹੈ। ਸਾਹਿਤਕ ਖੋਜ ਦਾ ਅਧਾਰ ਸਾਹਿਤਕ ਕ੍ਰਿਤਾਂ ਹੁੰਦੀਆਂ ਹਨ। ਸਾਹਿਤ ਦੇ ਖੇਤਰ ਵਿੱਚ ਕਿਸੇ ਸਾਹਿਤ ਰੂਪ ਅਧੀਨ ਰਚੀ ਗਈ ਸਾਹਿਤਕ ਕ੍ਰਿਤ ਉੱਪਰ ਵਿਦਵਤਾਪੂਰਵਕ ਅਤੇ ਵਿਧੀਵਤ ਢੰਗ ਨਾਲ ਕੀਤੀ ਜਾਣ ਵਾਲੀ ਖੋਜ ਨੂੰ ਸਾਹਿਤਕ ਖੋਜ ਕਿਹਾ ਜਾਂਦਾ ਹੈ। ਸਾਹਿਤਕ ਖੋਜ ਅਧੀਨ ਕਿਸੇ ‘ਸਾਹਿਤਕ ਕ੍ਰਿਤ’ ਨੂੰ ਸਮਾਜਿਕ, ਸੱਭਿਆਚਾਰਕ, ਧਾਰਮਿਕ, ਦਾਰਸ਼ਨਿਕ, ਰਾਜਨੀਤਿਕ, ਇਤਿਹਾਸਿਕ, ਨੈਤਿਕ ਆਦਿ ਮੁੱਲਾਂ ਵਿੱਚੋਂ ਕਿਸੇ ਇੱਕ ਜਾਂ ਸਾਰੇ ਮੁੱਲਾਂ ਦੇ ਦ੍ਰਿਸ਼ਟੀਕੋਣ ਤੋਂ ਵਾਚਿਆ ਜਾਂਦਾ ਹੈ ਜਾਂ ਫਿਰ ਸਮੇਂ-ਸਮੇਂ ‘ਤੇ ਵੱਖ-ਵੱਖ ਪੂਰਬੀ ਅਤੇ ਪੱਛਮੀ ਵਿਦਵਾਨਾਂ ਵੱਲੋਂ ਸੁਝਾਈਆਂ ਸਾਹਿਤ ਅਧਿਐਨ ਦੀਆਂ ਵਿਧੀਆਂ ਦੀ ਦ੍ਰਿਸ਼ਟੀ ਤੋਂ ਵੀ ਇਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਪਹਿਲਾਂ ਤੋਂ ਮੌਜੂਦ ਧਾਰਨਾਵਾਂ ਵਿੱਚ ਸੋਧ ਕੀਤੀ ਜਾਂਦੀ ਹੈ ਜਾਂ ਫਿਰ ਨਵੀਂਆਂ ਧਾਰਨਾਵਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਅੰਤਰ ਰਾਸ਼ਟਰੀ ਪੰਜਾਬੀ ਪੀਅਰ ਰੀਵਿਊਡ/ਰੈਫ਼ਰੀਡ ਸਾਹਿਤਕ ਅਤੇ ਖੋਜ ਜਰਨਲ ‘ਖੋਜਨਾਮਾ’ ਪੰਜਾਬੀ ਸਾਹਿਤਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਪਿਤ ਵਿਦਵਾਨਾਂ ਦੀਆਂ ਖੋਜਾਂ ਨੂੰ ਪ੍ਰਕਾਸ਼ਿਤਕ ਕਰਨ ਦੇ ਨਾਲ-ਨਾਲ, ਨਵੇਂ ਖੋਜਰਾਥੀਆਂ ਨੂੰ ਵੀ ਆਪਣੀਆਂ ਖੋਜਾਂ ਪ੍ਰਕਾਸ਼ਿਤ ਕਰਵਾਉਣ ਲਈ ਮੰਚ ਪ੍ਰਦਾਨ ਕਰਦਾ ਹੈ।