International Punjabi Peer Reviewed/ Refereed Literary and Research Journal (ISSN:-2584-0509)

ਮਾਂ

ਜੇਠ ਦੇ ਮਹੀਨੇ ਦੀ ਤਿਖੜ ਦੁਪਹਿਰ ਵਿੱਚ ਰੋਟੀ ਲਉਂਦਿਆਂ, ਪੀੜ੍ਹੀ ‘ਤੇ ਬੈਠੀ ਮੇਲੋ ਨੇ ਖੱਬੇ ਹੱਥ ਨਾਲ ਦੋ ਕੁ ਛਟੀਆਂ ਚੱਕੀਆਂ ਤੇ ਫਿਰ ਸੱਜੇ ਹੱਥ ਦੀ ਮੱਦਦ ਨਾਲ ਖੱਬੇ ਗੋਡੇ ‘ਤੇ ਰੱਖ ਕੇ ਭੰਨਣ ਲੱਗੀ ਤਾਂ ਸਾਰਾ ਜ਼ੋਰ ਲਾਉਂਦਿਆਂ ਆਪ ਵੀ ਨਾਲ ਹੀ ਝੁਕ ਕੇ ਦੂਹਰੀ ਹੋ ਗਈ, ਮੇਲੋ ਨੂੰ ਛਟੀਆਂ ਬੇਹੱਦ ਸਖਤ ਪ੍ਰਤੀਤ ਹੋਈਆਂ ਉਸਨੂੰ ਇੰਝ ਲੱਗਿਆ ਜਿਵੇਂ ਛਟੀਆਂ ਕਹਿ ਰਹੀਆਂ ਹੋਣ ਕਿ ‘ਅਸੀਂ ਅੱਜ ਟੁੱਟਣਾ ਨਹੀਂ ਤੇ ਤੇਰਾ ਗੋਡਾ ਛੱਡਣਾ ਨਹੀਂ’। ਪਰ ਮੇਲੋ ਦੀ ਤਾਂ ਸਾਰੀ ਉਮਰ ਹੀ ਇਨ੍ਹਾਂ ਛਟੀਆਂ ਨੂੰ ਭੰਨਦਿਆਂ ਨਿਕਲੀ ਸੀ। ਵਿਆਹੀ ਆਈ ਮੇਲੋ ਨੇ ਵਿਆਹ ਤੋਂ ਪੰਜਵੇਂ ਦਿਨ ਹੀ ਘਰ ਦਾ ਸਾਰਾ ਕੰਮ ਸਾਂਭ ਲਿਆ ਸੀ। ਪਹਿਲੇ ਦਿਨ ਸੱਸ ਦੇ ਕਹੇ ਅਨੁਸਾਰ ਪ੍ਰਸ਼ਾਦ ਬਣਾਉਣ ਲਈ ਚੁੱਲ੍ਹੇ ‘ਚ ਅੱਗ ਮਚਾਉਂਦਿਆਂ ਸਭ ਤੋਂ ਪਹਿਲਾਂ ਮੇਲੋ ਦਾ ਵਾਹ ਇਸ ਘਰ ਵਿੱਚ ਏਨਾ ਛਟੀਆਂ ਨਾਲ ਹੀ ਪਿਆ ਸੀ, ਮੇਲੋ ਨੇ ਉਦੋਂ ਵੀ ਅੱਜ ਵਾਂਗੂੰ ਹੀ ਖੱਬੇ ਹੱਥ ਨਾਲ ਛਟੀਆਂ ਚੱਕੀਆਂ ਤੇ ਸੱਜੇ ਹੱਥ ਦੀ ਮੱਦਦ ਨਾਲ ਫੜ ਕੇ ਉਂਝ ਹੀ ਹਵਾ ਵਿੱਚ ਹੀ ਦੂਹਰੀਆਂ ਕਰ ਦਿੱਤੀਆਂ ਸੀ,

‘ਐਂਵੇਂ ਨਜ਼ਰ ਨਾ ਲਵਾ ਲੀਂ ਧੀਏ, ਪੈਰ ਹੇਠ ਦੇ ਕੇ ਛਟੀਆਂ ਤੋੜ ਲਿਆ ਕਰ’ ਕੋਲ ਖੜ੍ਹੀ ਮੇਲੋ ਦੀ ਸੱਸ ਨੇ ਮੇਲੋਂ ਨੂੰ ਨਸੀਹਤ ਦਿੰਦਿਆ ਕਿਹਾ ਸੀ। ਉਂਝ ਆਪਣੀ ਜਵਾਨ ਨੂੰਹ ਦਾ ਜ਼ੋਰ ਦੇਖ ਕੇ ਅੰਦਰ ਹੀ ਅੰਦਰ ਮੇਲੋਂ ਦੀ ਸੱਸ ਖਿੜ ਉੱਠੀ ਸੀ।

ਮੇਲੋਂ ਨੇ ‘ਠੀਕ ਐ ਮਾਂ ਜੀ’ ਕਹਿ ਕੇ ਛਟੀਆਂ ਦਾ ਝੋਕਾ ਚੁੱਲ੍ਹੇ ਵਿੱਚ ਲਾ ਦਿੱਤਾ ਤੇ ਮਨ ਹੀ ਮਨ ਕਹਿ ਰਹੀ ਸੀ ‘ਮਾਂ ਜੀ ਇਹ ਤਾਂ ਹੈ ਈ ਛਟੀਆਂ ਇਨ੍ਹਾਂ ਦੀ ਥਾਂ ਕਿੱਕਰ ਦਾ ਮੁੱਢ ਵੀ ਹੁੰਦਾ ਤਾਂ ਮੈਂ ਐਵੇਂ ਹੀ ਚੱਕ ਕੇ ਭੰਨ ਦੇਣਾ ਸੀ’। ਪਰ ਅੱਜ ਤੀਲਾਂ ਵਰਗੀਆਂ ਛਟੀਆਂ ਨੂੰ ਭੰਨਣ ਲੱਗੀ ਵੀ ਮੇਲੋ ਆਪ ਦੂਹਰੀ ਹੋਈ ਜਾਂਦੀ ਸੀ। ਅੱਜ ਮੇਲੋ ਹਾਰਦੀ ਤੇ ਛਟੀਆਂ ਜਿੱਤਦੀਆਂ ਪ੍ਰਤੀਤ ਹੁੰਦੀਆਂ ਸੀ, ਪਰ ਅਖੀਰ ਮੇਲੋ ਨੇ ਆਪਣਾ ਆਪ ਥੋੜਾ ਉੱਪਰ ਚੱਕਦਿਆ ਝਟਕੇ ਨਾਲ ਗੋਡੇ ‘ਤੇ ਰੱਖੀਆਂ ਛਟੀਆਂ ਨੂੰ ਦੋਹੇਂ ਹੱਥਾ ਨਾਲ ਦੋਹੇਂ ਪਾਸਿਆਂ ਤੋਂ ਦਬਾ ਦਿੱਤਾ ‘ਤੇ ਛਟੀਆਂ ‘ਜ਼ ਰ ਕ’ ਕਰਕੇ ਟੁੱਟ ਗਈਆਂ। ਛਟੀਆਂ ਚੁੱਲ੍ਹੇ ਵਿੱਚ ਲਾਉਂਦੀ ਮੇਲੋ ਨੂੰ ਅੱਜ ਪਹਿਲੀ ਵਾਰ ਆਪਣੇ ਬੁਢਾਪੇ ਦਾ ਅਤੇ ਸਰੀਰ ਦੇ ਕੰਮਜ਼ੋਰ ਹੋਣ ਦਾ ਅਹਿਸਾਸ ਹੋਇਆ ਸੀ। ਮੇਲੋਂ  ਨੇ ਸੱਜੇ ਹੱਥ ਦੀ ਬਾਂਹ ਉਤਾਂਹ ਕਰਦਿਆ ਬਾਂਹ ਦੇ ਡੌਲੇ ਵਾਲੇ ਹਿੱਸੇ ਨਾਲ ਮੱਥੇ ਦਾ ਮੁੜਕਾ ਪੂੰਝਿਆ, ਲੱਗਦਾ ਸੀ ਜਿਵੇ ਮੇਲੋ ਆਪਣੇ ਮਥੇ ਦੇ ਲ਼ਿਖੇ ਲੇਖ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਮੇਲੋ ਦੇ ਮੂੰਹੋਂ ਸਹਿਜੇ ਹੀ ਨਿਕਲ ਗਿਆ ‘ਹਾਏ ਵੇ ਡਾਢਿਆ’, ਇਸ ਤੋਂ ਪਹਿਲਾਂ ਕਿ ਮੇਲੋ ਮੂੰਹੋਂ ਕੁੱਝ ਹੋਰ ਬੋਲਦੀ ਇੱਕ ‘ਧਾਅ’ ਕਰਦੀ ਲੱਤ ਆ ਕੇ ਓਹਦੀ ਢੂਹੀ ਵਿੱਚ ਵੱਜੀ, ਉਸਦਾ ਮੂੰਹ ਆਟੇ ਵਾਲੀ ਪਰਾਂਤ ਵਿੱਚ ਗੱਡਿਆ ਗਿਆ। ਮੇਲੋਂ ਨੂੰ ਕੋਈ ਹੈਰਾਨੀ ਨਹੀਂ ਹੋਈ ਸੀ ਕਿ ਅਚਾਨਕ ਇਹ ਕੀ ਵਾਪਰ ਗਿਆ  ਕਿਉਂਕਿ ਮੇਲੋਂ ਇਨ੍ਹਾਂ ਲੱਤਾਂ, ਧੱਫਿਆਂ, ਚਪੇੜਿਆਂ ਦੀ ਹਰ ਰੋਜ਼ ਦੀ ਆਦੀ ਜੋ ਬਣ ਗਈ ਸੀ। ਢੂਹੀ ਵਿੱਚ ਵੱਜੀ ਲੱਤ ਮੇਲੋ ਦੀ ਨੂੰਹ ਜੈਸਮੀਨ ਦੀ ਸੀ,

            ਜੈਸਮੀਨ ਪੜ੍ਹੇ ਲਿਖੇ ਅਤੇ ਆਪਣੇ ਆਪ ਨੂੰ ਸੱਭਿਅਕ ਅਖਵਾਉਂਦੇ ਅਗਾਂਹ ਵਧੂ ਸ਼ਹਿਰੀ ਪਰਿਵਾਰ ਦੀ ਧੀ ਸੀ, ਜੈਸਮੀਨ ਦਾ ਪਿਓ ਤਹਿਸੀਲਦਾਰ ਸੀ ਇਸੇ ਲਈ ਉਸਨੇ ਜੈਸਮੀਨ ਲਈ ਆਪਣੇ ਹੀ ਵਿਭਾਗ ਵਿੱਚ ਕੰਮ ਕਰਦੇ ਪਟਵਾਰੀ ਬਲਜੀਤ ਸਿੰਘ ਨੂੰ ਜੈਸਮੀਨ ਦਾ ਰਿਸ਼ਤਾ ਕਰ ਦਿੱਤਾ ਸੀ। ਰਿਸ਼ਤੇ ਲਈ ਘਰ-ਬਾਰ ਦੇਖਣ ਆਏ ਤਹਿਸੀਲਦਾਰ ਸੋਹਣ ਸਿੰਘ ਸੰਧੂ ਨੂੰ ਨਾ ਤਾਂ ਬਲਜੀਤ ਸਿੰਘ ਦਾ ਘਰ-ਬਾਰ ਪਸੰਦ ਸੀ ਨਾ ਮਾਂ ਮੇਲੋ ਨਾ ਪਿਓ ਨੱਥਾ ਸਿਓ। ਪਸੰਦ ਸੀ ਤਾਂ ਬੱਸ ਕੇਵਲ ਪਟਵਾਰਪੁਣਾ, ਇੱਕ ਦਾਬੇ ਥੱਲੇ ਚੱਲਣ ਵਾਲਾ ਜਵਾਈ ਤੇ ਇੱਕ ਕੱਲਾ ਕਹਿਰਾ ਮੁੰਡਾ। ਤਹਿਸੀਲਦਾਰ ਸੋਹਣ ਸਿੰਘ ਨੇ ਤਾਂ ਵਿਆਹ ਤੋਂ ਪਹਿਲਾਂ ਹੀ ਸ਼ਰਤ ਰੱਖ ਦਿੱਤੀ ਸੀ, ਵੀ ਮੁੰਡਾ ਵਿਆਹ ਤੋਂ ਬਾਅਦ ਸ਼ਹਿਰ ‘ਚ ਰਹੇਗਾ। ਬਾਪੂ ਨੱਥਾ ਸਿਓ ਨੂੰ ਇਨ੍ਹਾਂ ਈ ਚਾਅ ਬਥੇਰਾ ਸੀ ਵੀ ਮੇਰਾ ਕੁੜਮ ਤਹਿਸੀਲਦਾਰ ਐ, ਤੇ ਮਾਂ ਮੇਲੋ ਨੂੰ ਇਸ ਗੱਲ ਦੀ ਤਸੱਲੀ ਵੀ ਮੇਰੇ ‘ਕੱਲੇ ਕਹਿਰੇ ਪੁੱਤ ਨੂੰ ਪਿੱਛੇ ਮੱਦਦ ਦੇਣ ਆਲੇ ਸਹੁਰੇ ਮਿਲ ਜਾਣਗੇ, ਸਹੁਰਾ ਤਹਿਸੀਲਦਾਰ ਤੇ ਸਾਲਾ ਥਾਣੇਦਾਰ। ਬਲਜੀਤ ਨੂੰ ਵੀ ਤਹਿਸੀਲਦਾਰ ਦਾ ਜਵਾਈ ਬਣ ਜਾਣ ਦਾ ਤੇ ਪਟਵਾਰਖਾਨੇ ਵਿੱਚ ਇੱਜ਼ਤ ਵੱਧ ਜਾਣ ਦਾ ਚਾਅ ਸੀ, ਤਹਿਸੀਲਦਾਰ ਦਾ ਜਵਾਈ ਬਣ ਜਾਣ ਤੋਂ ਮਗਰੋਂ ਨਾਲ ਦੇ ਪਟਵਾਰੀ ਤਾਂ ਕੀ ਕਾਨੂੰਗੋ ਤੱਕ ਨੇ ਉਸਦੀ ਧੌਂਸ ਮੰਨਣ ਲੱਗ ਜਾਣਾ ਸੀ । ਇਸ ਲਈ ਘਰ ਵਿੱਚੋਂ ਕਿਸੇ ਨੇ ਵੀ ਤਹਿਸੀਲਦਾਰ ਸਾਹਬ ਦੀ ਸ਼ਰਤ ਦਾ ਵਿਰੋਧ ਨਾ ਕੀਤਾ, ਸਗੋਂ ਇਹ ਕਹਿ ਕੇ ਪ੍ਰਵਾਨ ਕਰ ਲਿਆ ਵੀ ਪਿੰਡ ਤਾਂ ਐਂਵੇ ਅਨਪੜ੍ਹਾ ਦੇ ਰਹਿਣ ਲਈ ਬਣੇ ਆ, ਪੜ੍ਹੇ ਲਿਖੇ ਤਾਂ ਸ਼ਹਿਰਾਂ ‘ਚ ਹੀ ਰਹਿੰਦੇ ਐ। ਵਿਆਹ ਤੋਂ ਬਾਅਦ ਸ਼ਹਿਰ ਜਾਣ ਦਾ ਵਿਰੋਧ ਕੀਤਾ ਤਾਂ ਜੈਸਮੀਨ ਨੇ, ਉਸ ਨੇ ਇਹ ਫੈਸਲਾ ਲ਼ਿਆ ਵੀ ਉਹ ਪਿੰਡ ਹੀ ਰਹੇਗੀ। ਤਹਿਸੀਲਦਾਰ ਦੀ ਕੁੜੀ ਸੀ ਏਨਾ ਕੁ ਰੋਹਬ ਦਾ ਓਹਦਾ ਵੀ ਚਲਦਾ ਹੀ ਸੀ ਘਰਦਿਆਂ ‘ਤੇ, ਸਾਰਿਆ ਨੇ ਪਹਿਲਾ ਤਹਿਸੀਲਦਾਰ ਦਾ ਸ਼ਹਿਰ ਰਹਿਣ ਦਾ ਤੇ ਹੁਣ ਉਸਦੀ ਧੀ ਦਾ ਪਿੰਡ ਰਹਿਣ ਦਾ ਫੈਸਲਾ ਸੱਤ ਕਰਕੇ ਮੰਨ ਲਿਆ ਸੀ। ਜੈਸਮੀਨ ਸ਼ਹਿਰ ਕਿਉਂ ਨਹੀਂ ਸੀ ਜਾਣਾ ਚਾਹੁੰਦੀ ਜਾਂ ਤਾਂ ਇਹ ਰੱਬ ਜਾਣਦੈ ਜਾਂ ਉਹ ਆਪ, ਪਰ ਇੱਕ ਗੱਲ ਸਾਫ ਸੀ ਵੀ ਜੈਸਮੀਨ ਦੇ ਇਸ ਫੈਸਲੇ ਨੇ ਮੇਲੋ ਤੇ ਨੱਥਾ ਸਿਓ ਦਾ ਬੁਢਾਪਾ ਰੋਲ ਕੇ ਰੱਖ ਦਿੱਤਾ ਸੀ। ਜੈਸਮੀਨ ਸੂਰਜ ਚੜ੍ਹੇ ਤੋਂ 10-11 ਵਜੇ ਉੱਠਦੀ ਤੇ ਮੇਲੋ ਉਹਦੇ ਲਈ ਰੋਟੀ ਤਿਆਰ ਕਰਕੇ ਉਸਦੇ ਮੂਹਰੇ ਪਰੋਸ ਦਿੰਦੀ, ਜੈਸਮੀਨ ਰੋਟੀ ਖਾਅ ਕੇ ਮੇਲੋ ਨੁੰ ਭਾਂਡੇ ਚੱਕਣ ਦਾ ਇਸ਼ਾਰਾ ਕਰਕੇ ਆਪ ਟੈਲੀਵਿਜ਼ਨ ਦੇਖਣ ਲੱਗ ਜਾਂਦੀ ਜਾਂ ਫਿਰ ਕਿਸੇ ਸਹੇਲੀ ਨੂੰ ਫੋਨ ਲਾਕੇ ਘੰਟਿਆਂ ਬੱਧੀ ਗੱਲਾਂ ਕਰਦੀ ਰਹਿੰਦੀ। ਜੈਸਮੀਨ ਨੇ ਮੇਲੋ ਵਾਗੂੰ ਵਿਆਹ ਤੋਂ ਪੰਜਵੇਂ ਦਿਨ ਤਾਂ ਕੀ ਪੰਜਵੇਂ ਸਾਲ ਵੀ ਘਰ ਦਾ ਕੰਮ ਨਹੀਂ ਸੀ ਸਾਂਭਿਆਂ ਹੁਣ ਮੇਲੋ ਅੰਦਰੋਂ-ਅੰਦਰੀ ਉਦਾਸ ਤਾਂ ਸੀ ਪਰ ਉਹਨੇ ਕਦੇ ਕਿਸੇ ਨੂੰ ਅੱਭੜ ਕੇ ਕੁਝ ਨਾ ਕਿਹਾ। ਕਹਿੰਦੀ ਵੀ ਕਿਵੇਂ ਇੱਕ ਤਾਂ ਮੇਲੋ ਸ਼ਰੀਫ਼ ਹੀ ਹੱਦੋਂ ਵੱਧ ਸੀ, ਦੂਜਾ ਕੁੜਮ ਅਫਸਰ ਟੱਕਰਗੇ ਤੇ ਤੀਜਾ ਸੁੱਖਾਂਲੱਧਾ ਪੁੱਤ ਬਲਜੀਤ ਮਾਂ ਨੂੰ ਸਿੱਧੇ ਮੂੰਹ ਨਾ ਬੋਲਦਾ ‘ਤੇ ਜੈਸਮੀਨ ਦੀ ਹਾਂ ਵਿੱਚ ਹਾਂ ਮਿਲਾਉਂਦਾ ਰਹਿੰਦਾ। ਮੇਲੋ ਲੋਕ ਲੱਜਾ ਦੀ ਮਾਰੀ ਅੰਦਰੋੰ-ਅੰਦਰੀ ਖੁਰਦੀ ਜਾਂਦੀ ਸੀ। ਪਿੰਡ ਦੀਆ ਬੁੜੀਆਂ ਵੀ ਗੱਲਾਂ-ਗੱਲਾਂ ਵਿੱਚ ਪੁੱਛਣੋਂ ਬਾਝ ਨਾ ਆਉਂਦੀਆਂ ‘ਕੀ ਗੱਲ ਭੈਣੇ ਤੂੰ ਬਾਹਲੀਓ ਹਾਰਦੀ ਜੀ ਜਾਂਦੀਐ!

ਕੁੱਝ ਦਿਨ ਪਹਿਲਾਂ ਤਾਂ ਅਮਰੋ ਨੈਣ ਨੇ ਹੱਸਦਿਆ-ਹੱਸਦਿਆ ਕਹਿ ਹੀ ਦਿੱਤਾ ਸੀ ‘ਕੇ ਨੂੰਹ ਨੇ ਘਿਓ ਨੂੰ ਜਿੰਦਾ ਲਾ ਕੇ ਰੱਖ ਲਿਆ’। ਮੇਲੋ ਨੇ ਬਿਨ੍ਹਾਂ ਕੁਝ ਬੋਲੇ ਉਸ ਦੇ ਕਹੇ ਨੂੰ ਅਣਗੌਹਲਿਆਂ ਕਰਕੇ ਛੱਡ ਦਿੱਤਾ ਸੀ।

‘ਤੂੰ ਹੁਣ ਕਿੰਨ੍ਹਾ ਕੁ ਚਿਰ ਕੰਮ ਕਰਦੀ ਰਹੇਗੀ, ਜੈਸਮੀਨ ਨੂੰ ਨਾਲ ਲਾ ਲਿਆ ਕਰ ਕੰਮ ‘ਤੇ ਉਹ ਤੇਰੇ ਨਾਲ ਹੱਥ ਵਟਾ ਦਿਆ ਕਰੂ। ਨੱਥਾ ਸਿਓ ਨੇ ਇੱਕ ਦਿਨ ਭਾਂਡੇ ਮਾਂਜਦੀ ਮੇਲੋ ਨੂੰ ਕਿਹਾ। ਮੇਲੋ ਬਿਨ੍ਹਾਂ ਕੁੱਝ ਬੋਲੇ ਭਾਂਡੇ ਮਾਂਜਦੀ ਰਹੀ। ਨੱਥਾ ਸਿਓ ਨੇ ਜਵਾਬ ਆਇਆ ਨਾ ਸੁਣਕੇ ਦੁਬਾਰਾ ਫਿਰ ਗੱਲ ਅਗਾਂਹ ਤੋਰਨ ਦੇ ਇਰਾਦੇ ਨਾਲ ਹੱਸ ਕੇ ਕਿਹਾ ‘ ਮੈਨੂੰ ਤਾਂ ਲੱਗਦੈ ਤੇਰੇ ਨੂੰਹ ਦੀ ਥਾਂ ਸੱਸ ਈ ਆ ਗਈ’। ਇਨ੍ਹਾਂ ਸੁਣਦਿਆਂ ਹੀ ਮੇਲੋ ਫਿਸ ਗਈ ‘ਤੇ ਹੁੱਭਕੀ-ਹੁੱਭਕੀ ਰੋਣ ਲੱਗ ਗਈ, ਸੁਆਹ ਦੇ ਲਿੱਬੜੇ ਹੱਥਾਂ ਨਾਲ ਹੀ ਚੁੰਨੀ ਦਾ ਲੜ੍ਹ ਖਿੱਚ ਕੇ ਅੱਖਾਂ ਤੇ ਕਰ ਲਿਆ ‘ਤੇ ਸੱਜੇ ਹੱਥ ਨਾਲ ਜ਼ੋਰ ਦੀ ਅੱਖਾਂ ‘ਤੇ ਦਿੱਤੇ ਲੜ ਨੂੰ ਐਂ ਨੱਪ ਲਿਆ ਜਿਵੇਂ ਅੱਖਾਂ ਵਿਚੋਂ ਆਉਂਦੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੋਵੇ।

‘ਰੋ ਨਾ’ ਮੈਨੂੰ ਸਾਰਾ ਪਤੈ, ਮੈਂ ਤਾਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਸੀ, ਭਲ਼ੀਏ ਮਾਣਸੇ ਸਾਰਾ ਬੋਝ ‘ਕੱਲੀ ਚੱਕ ਕੇ ਤੁਰੀ ਫਿਰਦੀਐ, ਮੈਨੂੰ ਤਾਂ ਦੱਸ ਦਿੰਦੀ’ ਨੱਥਾ ਸਿੰਘ ਨੇ ਮੇਲੋ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ।

‘ਮੈਂ ਕੱਲ੍ਹ ਨੂੰ ਈ ਕਰਦਾ ਪੰਚਾਇਤ ‘ਕੱਠੀ ਤੇ ਕਹਿਨਾ ਵੀ ਭਾਈ ਸਾਨੂੰ ਤਾਂ ਸਾਡਾ ਹਿੱਸਾ ਵੰਡ ਕੇ ਦੇ ਦਿਓ। ਸਾਥੋਂ ਨੀ ਹੁੰਦਾ ਇਨ੍ਹਾਂ ਦਾ ਗੋਲਪੁਣਾ। ਨੱਥਾ ਸਿਓ ਨੇ ਦੋ ਟੁੱਕ ਫੈਸਲਾ ਸੁਣਾਉਂਦਿਆ ਕਿਹਾ।

‘ਨਾ ਬਲਜੀਤ ਦੇ ਬਾਪੂ ਨਾ ਆਪਾਂ ਨੀ ਲੋਕਾਂ ਤੋਂ ਮੂੰਹ ਕਾਲਖ਼ੀ ਲੈਣੀ, ਪਤਾ ਨੀ ਦੋ ਰੋਜ਼ ਹੋਰ ਹਾਂ ਵੀ ਕਿ ਨਹੀਂ, ਬੱਸ ਦੰਦਾ ਥੱਲੇ ਜੀਭ ਦੇ ਕੇ ਕੱਟ ਲੈ ਦਿਹਾੜੇ’ ਮੇਲੋ ਨੇ ਅੱਖਾਂ ਪੂੰਝਦਿਆਂ ਭਰੇ ਗਲ ਨਾਲ ਨੱਥਾ ਸਿੰਘ ਨੁੰ ਸਮਝਾਉਣ ਦੇ ਲਹਿਜ਼ੇ ਵਿੱਚ ਕਿਹਾ।

‘ਨਾ ਅਸੀਂ, ਕਿਸੇ ਸਾਲੇ ਦਾ ਦੇਣੈ ਕੁਸ, ਆ ਦਿਨ ਦੇਖਣ ਵਾਸਤੇ ਪੜ੍ਹਾਇਆ ਸੀ ਲਾਡਲੇ ਨੂੰ, ਵੀ ਪੜ੍ਹ ਲਿਖ ਕੇ ਸਾਡੇ ‘ਤੇ ਈ ਰੋਬ ਝਾੜਦਾ ਰਹੀਂ, ਸਾਲਾ ਰੰਨ ਦਾ ਮੁਰੀਦ ਬਣ ਗਿਆ। ਮੈਨੂੰ ਸੁਣਦਾ ਸੀ ਰਾਤ ਤੈਨੂੰ ਗਾਲਾਂ ਕੱਢਦਾ……ਮੈਥੋਂ ਨੀ ਹੁਣ ਇਨ੍ਹਾਂ ……… ਨਾਲ….. ਰਹਿ… ਹੁੰਦਾ। ਨੱਥਾ ਸਿੰਘ ਨੇ ਆਪਣਾ ਅੰਤਿਮ ਫੈਸਲਾ ਸੁਣਾਉਂਦਿਆ ਕਿਹਾ।

‘ਨਹੀਂ ਰਹਿ ਹੁੰਦਾ ਤਾਂ ਆਵਦਾ ਹੋਰ ਟਿਕਾਣਾ ਲੱਭ ਲੈ’ ਜੈਸਮੀਨ ਨੇ ਗੜਕਵੀਂ ਅਵਾਜ਼ ਵਿੱਚ ਕਿਹਾ । ਜਿਹੜੀ ਪਤਾ ਨਹੀਂ ਕਦੋਂ ਦੀ ਤਖ਼ਤੇ ਓਹਲੇ ਖੜ੍ਹੀ ਮੇਲੋ ਤੇ ਨੱਥਾ ਸਿਓ ਦੀਆਂ ਗੱਲ਼ਾਂ ਸੁਣ ਰਹੀ ਸੀ

ਨੱਥਾ ਸਿਓ ਨੂੰ ਉੱਕਾ ਉਮੀਦ ਨਹੀ ਸੀ ਕਿ ਜੈਸਮੀਨ ਇਸ ਤਰ੍ਹਾਂ ਕਦੇ ਓਨ੍ਹਾਂ ਦੇ ਮੂਹਰੇ ਬੋਲੇਗੀ, ਉਂਝ ਭਾਵੇਂ ਉਸਨੂੰ ਜੈਸਮੀਨ ਦੇ ਘੁਮੰਡੀ ਸੁਭਾਅ ਹੋਣ ਦਾ ਇਲਮ ਹੋ ਗਿਆ ਸੀ। ਜੈਸਮੀਨ ਦੇ ਇਨ੍ਹਾਂ ਬੋਲਾਂ ਨੇ ਇੱਕ ਵਾਰ ਤਾਂ ਨੱਥਾ ਸਿਓ ਅਤੇ ਮੇਲੋ ਨੂੰ ਸੁੰਨ ਕਰਕੇ ਰੱਖ ਦਿੱਤਾ।

‘ਨਾ ਭਾਈ ਜੈਸਮੀਨ ਤੇਰੇ ਪਿਓਵਾਂ ਵਰਗੈ ਕੁੱਝ ਤੇ ਲਿਹਾਜ਼ ਕਰ’ ਅੱਜ ਪਹਿਲੀ ਵਾਰ ਮੇਲੋ ਨੇ ਆਪਣੇ ਸਿਰ ਦੇ ਸਾਂਈ ਦੇ ਸਾਹਮਣੇ ਆਪਣੀ ਨੂੰਹ ਅੱਗੇ ਬੋਲਣ ਦੀ ਜ਼ੁਅਰੱਤ ਕਰਦਿਆ ਕਿਹਾ।

‘ਪਿਓ ਹੋਊਗਾ ਤੇਰਾ’ ਮੇਰੇ ਤਾਂ ਜੁੱਤੀ ਦੇ ਯਾਦ ਨਹੀਂ, ਸਾਰਾ ਦਿਨ ਵਿਹਲਾ ਕੌਲੇ ਕਛਦਾ ਫਿਰਦੈ ਕੰਮ ਦਾ ਡੱਕਾ ਨਹੀਂ ਕਰਦਾ, ਉੱਤੋਂ ਹੋਰ ਕਾਨੂੰਨ ਸਿਖਾਉਂਦੈ ਆਵਦੀ ਰੰਨ ਨੂੰ, ਅਖੇ ਤੂੰ ‘ਕੱਲੀ ਕਦੋਂ ਤੱਕ ਕੰਮ ਕਰਦੀ ਰਹੇਗੀਂ, ਨਾ ਹੋਰ ਫੌਜ ਰੱਖਦਿਆਂ ਏਦੇ ਨਾਲ ਕੰਮ ਕਰਨ ਨੂੰ’। ਜੈਸਮੀਨ ਨੇ ਪਹਿਲਾਂ ਨਾਲੋਂ ਵੀ ਖਰਵੀਂ ਆਵਾਜ਼ ‘ਚ ਕਿਹਾ।

 ‘ਦੇਖ ਭਾਈ ਕੁੜੀਏ ਮੈਂ ਇਸ ਘਰ ਦਾ ਮਾਲਕ ਆ, ਮੈਂ ਕਿਸੇ ਦਾ ਗੋਲਾ ਨਹੀਂ, ਜਿਵੇਂ ਤੂੰ ਬੋਲਦੀਐ, ਜਵਾਬ ਮੈਨੂੰ ਵੀ ਦੇਣੇ ਆਉਂਦੇ ਐ, ਪਰ ਮੈਂ ਤੇਰੇ ਨਾਲ ਬੋਲਦਾ ਚੰਗਾ ਨੀ ਲੱਗਦਾ, ਬਲਜੀਤ ਨੂੰ ਆ ਲੈਣ ਦੇ ਮੈਂ ਉਹਦੇ ਨਾਲ ਕਰੂੰ ਗੱਲ’ ਨੱਥਾ ਸਿਓ ਨੇ ਜੈਸਮੀਨ ਨੂੰ ਨਸੀਹਤ ਦਿੰਦਿਆ , ਮਾਮਲੇ ਨੂੰ ਠੰਡਾ ਪਾਉਣ ਲਈ ਕਿਹਾ।

‘ਖੜ ਜਾ ਕੰਜਰਾ ਤੈਨੂੰ ਮੈਂ ਕਰਾਉਣੀਆਂ ਗੱਲ’ ਕਹਿੰਦਿਆਂ ਹੀ ਜੈਸਮੀਨ ਨੇ ਨਥਾ ਸਿਓ ਦੀ ਦਾੜ੍ਹੀ ਫੜ ਲਈ।

‘ਜੇ ਤੇਰੀ ਦਾੜੀ ਦਾ ਵਾਲ-ਵਾਲ ਨਾ ਕਰ ਦਿੱਤਾ ਤਾਂ ਕਹੀਂ, ਮੇਰੇ ਪਿਓ ਦਿਆ ਸਾਲਿਆ’ ਤੈਨੂੰ ਮੈਂ ਬਣਾਉਣੀ ਆ ਵੱਡਾ ਪੰਚਾਇਤੀ ਕਹਿੰਦੀ ਹੋਈ ਜੈਸਮੀਨ  ਨੱਥਾ ਸਿਓ ਨੂੰ ਥੱਲੇ ਸੁੱਟ ਕੇ ਓਹਦੀ ਛਾਤੀ ‘ਤੇ ਬੈਠ ਗਈ।

ਮੇਲੋ ਦਾ ਹਊ ਕਲਾਟ ‘ਤੇ ਜੈਸਮੀਨ ਦੀਆਂ ਗਾਲਾਂ ਸੁਣ ਕੇ ਗੁਆਂਢੀ ਪ੍ਰਤਾਪਾ ਭੱਜਿਆ ਭੱਜਿਆ ਆਇਆ ਤੇ ਉਸਨੇ ਜੈਸਮੀਨ ਨੂੰ ਪੱਟ ਕੇ ਨੱਥਾ ਸਿਓ ਦੀ ਛਾਤੀ ਤੋਂ ਲਾਹਿਆ।

‘ਸੌਰੀਏ ਤੂੰ ਪੜ੍ਹੀ ਲਿਖੀ ਐਂ ਮਾੜਾ ਮੋਟਾ ਤਾਂ ਕੁੱਝ ਅਕਲ ਨੂੰ ਹੱਥ ਮਾਰ, ਤੈਨੂੰ ਸ਼ਰਮ ਨੀ ਆਉਂਦੀ ਆਵਦੇ ਸੌਹਰੇ ਨੂੰ ਵਿਹੜੇ ਵਿੱਚ ਐਂ ਢਾਈ ਬੈਠੀ ਐਂ’ ਪ੍ਰਤਾਪੇ ਨੇ ਥੋੜੇ ਗੁੱਸੇ ਤੇ ਥੋੜੇ ਸਮਝਾਉਣ ਦੇ ਢੰਗ ਨਾਲ ਜੈਸਮੀਨ ਨੂੰ ਕਿਹਾ।

‘ਪੜ੍ਹਿਆ ਲਿਖਿਆ ਕੀ ਕਰੂ ਤਾਇਆ ਜੀ, ਇਹ ਕੰਜਰ ਨੂੰ ਪੁੱਛੋ ਮੈਨੂੰ ਧੀ ਮੰਨਦੈ? ਮੈਂ ਤਾਂ ਪਿਓ ਸਮਝ ਕੇ ਹੀ ਚਾਹ ਪੁੱਛਣ ਆਈ ਸੀ ਏਹਨੂੰ, ਉਲਟਾ ਮੈਨੂੰ ਕਹਿੰਦਾ ਚਾਹ ਦਾ ਤਾਂ ਕੀ ਪੀਣੈ, ਦੁੱਧ ਹੀ ਪੀਆਦੇ, ਜੇ ਮੈਂ ਕਿਹਾ ਠੀਕ ਐ ਬਾਪੂ ਜੀ ਮੈਂ ਕਰਕੇ ਲਿਆਉਣੀਆ ਗਰਮ ਤਾਂ, ਅੱਗੋਂ ਕਹਿੰਦਾ ਗਰਮ ਕੀ ਕਰਨੈ ਤੇਰੇ ਕੋਲੇ ਈ ਐ ਠੰਡਾ ਹੀ ਪੀਅਦੇ ਕਾਲਜਾ ਫੂਕਿਆ ਪਿਐ….ਤੇ ਮੇਰਾ ਗੁੱ…ਟ… ਲੁੱਚਾ ਕਿਸੇ ਜਹਾਨ ਦਾ’ ਕਹਿੰਦੀ ਜੈਸਮੀਨ ਰੋਣ ਲੱਗ ਗਈ। ਜੈਸਮੀਨ ਨੇ ਆ ਤੀਵੀਆਂ ਵਾਲਾ ਚਲਿੱਤਰ ਖੇਡ ਦਿੱਤਾ ਸੀ, ਨਾਲੇ ਤਾਂ ਆਪ ਸੱਚੀ- ਸੁੱਚੀ ਬਣ ਗਈ, ਨਾਲੇ ਨੱਥਾ ਸਿਓ ਨੂੰ ਅੱਜ ਸ਼ਰੀਕਾਂ ਸਾਵੇਂ ਬੁਰਾ ਬਣਾ ਦਿੱਤਾ ਸੀ।

ਪ੍ਰਤਾਪਾ ਨੱਥਾ ਸਿਓ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਨੱਥਾ ਸਿਓ ਨੇ ਤਾਂ ਜਵਾਨੀ ਵਿੱਚ ਵੀ ਕਦੇ ਗਿੱਲੇ ਗੋਹੇ ‘ਤੇ ਵੀ ਪੈਰ ਨਹੀਂ ਸੀ ਧਰਿਆ, ਫਿਰ ਉਹ ਬੁਢਾਪੇ ਵਿੱਚ

…. ਓਹ ਵੀ…. ਆਪਣੀ ਨੂੰਹ ਨੂੰ….. ‘ਨਹੀਂ ਨਹੀਂ ਇਹ ਨੀ ਹੋ ਸਕਦਾ’ ਪ੍ਰਾਤਪੇ ਨੇ ਸਹਿਜੇ ਹੀ ਜੈਸਮੀਨ ਦੀ ਘੜੀ ਕਹਾਣੀ ਨੂੰ ਝੂਠਾ ਕਰਾਰ ਦੇ ਦਿੱਤਾ।

ਪਰ ਫੇਰ ਰੋਂਦੀ ਜੈਸਮੀਨ ਵੱਲ ਤੱਕਿਆ ਤੇ ਸੋਚਿਆ ਭਲਾ ਕੋਈ ਕੁੜੀ ਐਂ ਕਿਵੇਂ ਬਿਨਾਂ ਗੱਲ ਤੋਂ ਆਵਦੇ ਸਹੁਰੇ ਤੇ ਇਲਜ਼ਾਮ ਲਾਊ।

‘ਨਾ ਧੀਏ ਐਡਾ ਦੋਸ਼ੀ ਨਾ ਬਣਾ, ਕੁੱਲ ਜਹਾਨ ਜਾਣਦੈ ਮੇਰਾ ਸਾਂਈ ਤਾਂ ਦੁੱਧ ਵਰਗਾ ਸੁੱਚੈ’ ਮੇਲੋ ਨੇ ਵਾਸਤਾ ਪਾਉਂਦਿਆ ਜੈਸਮੀਨ ਨੂੰ ਕਿਹਾ

‘ਜੇ ਦੁੱਧ ਵਰਗਾ ਸੁੱਚੈ ਤਾਂਹੀ ਤਾਂ ਦੁੱਧ ਭਾਲਦੈ, ਜਵਾਨ ਕੁੜੀ ਤੋਂ’ ਜੈਸਮੀਨ ਨੇ ਬਿਨ੍ਹਾਂ ਕਿਸੇ ਦੀ ਸੰਗ ਸ਼ਰਮ ਮੰਨਿਆਂ ਮੇਲੋਂ ਨੂੰ ਮੋੜਵਾਂ ਜਵਾਬ ਦਿੱਤਾ।

ਨੱਥਾ ਸਿਓ ਜਿਹੜਾ ਹੈਰਾਨੀ ਤੇ ਗੁੱਸੇ ਨਾਲ ਭਰਿਆ ਪੀਤਾ ਇੱਕ ਪਾਸੇ ਸਿਰ ਫੜੀ ਬੈਠਾ ਸੀ, ਦੋਹੇਂ ਹੱਥਾ ਨੂੰ ਧਰਤੀ ਤੇ ਲਾ ਕੇ ਮਸਾਂ ਖੜ੍ਹਾ ਹੋਇਆ, ਤੇ ਦੋ ਕੁ ਕਦਮ ਅੱਗੇ ਤੁਰਿਆ ਤੇ ਝੁਕ ਕੇ ਥੱਲ੍ਹੇ ਡਿੱਗੀ ਆਪਣੀ ਪੱਗ ਨੂੰ ਚੁੱਕਿਆ, ਚਿੱਟੀ ਪੱਗ ਮਿੱਟੀ ਵਿੱਚ ਰੁਲਣ ਨਾਲ ਮੈਲੀ ਹੋ ਚੁੱਕੀ ਸੀ, ਸ਼ਾਇਦ ਹੁਣ ਇਹ ਪੱਗ ਕਦੇ ਧੋਤਿਆ ਵੀ ਨਿਖਰਨੀ ਨਹੀਂ ਸੀ, ਨੱਥਾ ਸਿਓਂ ਨੇ ਪਹਿਲਾਂ ਨੀਝ ਨਾਲ ਪੱਗ ਨੂੰ ਦੇਖਿਆ ਤੇ ਫਿਰ ਉਪੱਰ ਅਸਮਾਨ ਵੱਲ, ਅਸਮਾਨ ਵਿੱਚ ਖੱਖ ਚੜ੍ਹੀ ਹੋਈ ਸੀ, ਸ਼ਾਇਦ ਆਉਣ ਵਾਲੇ ਕਿਸੇ ਤੂਫਾਨ ਦਾ ਸੰਕੇਤ। ਨੱਥਾ ਸਿੰਘ ਬਿਨ੍ਹਾਂ ਕੁੱਝ ਬੋਲੇ ਸਿੱਧਾ ਵਾੜੇ ਵਾਲੀ ਕੋਠੜੀ ਨੂੰ ਹੋ ਤੁਰਿਆ, ਪ੍ਰਤਾਪਾ ਵੀ ਬਿਨ੍ਹਾਂ ਕੁੱਝ ਬੋਲੇ ਜਾਂਦੇ ਹੋਏ ਨੱਥਾ ਸਿਓ ਨੂੰ ਦੇਖ ਰਿਹਾ ਸੀ, ਨੱਥੇ ਦੀ ਤੋਰ ਤੋਂ ਸਾਫ਼ ਜ਼ਾਹਿਰ ਹੁੰਦਾ ਸੀ ਕਿ ਉਸਨੂੰ ਕਿਸੇ ਮੰਜ਼ਲ ‘ਤੇ ਪਹੁੰਚਣ ਦੀ ਕਾਹਲ ਸੀ,

‘ਜਾ ਵੇ ਪ੍ਰਤਾਪ ਆਵਦੇ ਬਾਈ ਨੂੰ ਰੋਕ ਵੇ ਕਿੱਧਰ ਚੱਲ਼ਿਆ ਏ ਹੁਣ’ ਮੇਲੋ ਨੇ ਕੋਲ ਖੜ੍ਹੇ ਪ੍ਰਤਾਪੇ ਨੂੰ ਤਰਲਾ ਕਰਦਿਆ ਕਿਹਾ

ਇਸ ਤੋਂ ਪਹਿਲਾਂ ਕਿ ਪ੍ਰਤਾਪਾ ਕੁੱਝ ਬੋਲਦਾ ਜਾਂ ਕੁੱਝ ਕਰਦਾ ਬਿਨਾਂ ਪੱਗ ਸਿਰ ਦੇ ਜੂੜੇ ਚੋਂ ਅੱਧੇ ਪਿੱਛੇ ਲਮਕਦੇ ਵਾਲ਼ਾ ਵਾਲਾ ਨੱਥਾ ਸਿੰਘ ਰਾਊਂਡ ਅੱਪ ਦਾ ਲੀਟਰ ਚੱਕੀ ਸਾਹਮਣੇ ਖੜ੍ਹਾ ਇੰਝ ਸਪਰੇਅ ਪੀ ਰਿਹਾ ਸੀ ਜਿਵੇਂ ਸ਼ਿਵ ਜੀ ਭਗਵਾਨ ਦੁਨੀਆਂ ਨੂੰ ਬਚਾਉਣ ਖਾਤਰ ਸਮੁੰਦਰ ਮੰਥਨ ਚੋ ਨਿਕਲੇ ਜ਼ਹਿਰ ਨੂੰ ਪੀ ਰਿਹਾ ਹੋਵੇ।

‘ਹਾਏ ਵੇ ਲੋਕਾ ਪੱਟੀ ਗਈ’ ਮੇਲੋ ਨੇ ਦੋਹੇਂ ਹੱਥ ਜੋੜ ਕੇ ਪੱਟਾਂ ‘ਤੇ ਮਾਰੇ ਤੇ ਨੱਥਾ ਸਿਓ ਵੱਲ ਨੂੰ ਭੱਜ ਨਿਕਲੀ, ਪਰ ਮੇਲੋ ਦੇ ਪਹੁੰਚਣ ਤੋਂ ਪਹਿਲਾਂ ਹੀ ਪੂਰਾ ਲ਼ੀਟਰ ਨੱਥਾ ਸਿਓਂ ਦੇ ਹਲਕ ਤੋਂ ਥੱਲੇ ਹੋ ਚੁੱਕਾ ਸੀ, ਜੇ ਹਲਕ ਵਿੱਚ ਵੀ ਹੁੰਦਾ ਫਿਰ ਵੀ ਕਿਹੜਾ ਮਾਂ ਪਾਰਬਤੀ ਵਾਂਗ ਮੇਲੋਂ ਨੇ ਜ਼ਹਿਰ ਨੱਥਾ ਸਿਓ ਦੇ ਕੰਠ ਵਿੱਚ ਰੋਕ ਦੇਣਾ ਸੀ। ਪ੍ਰਤਾਪੇ ਨੇ ਨੱਥਾ ਸਿਉਂ ਦੇ ਹੱਥੋਂ ਲੀਟਰ ਫੜ੍ਹ ਵਗਾ ਕੇ ਦੂਰ ਮਾਰਿਆ।

ਦੇਖਦਿਆਂ ਹੀ ਦੇਖਦਿਆਂ ਨੱਥਾਂ ਸਿਓ ਪ੍ਰਤਾਪੇ ਤੇ ਮੇਲੋਂ ਦੇ ਹੱਥਾਂ ਵਿੱਚ ਹੀ ਪੂਰਾ ਹੋ ਗਿਆ। ਦੂਰ ਖੜ੍ਹੀ ਜੈਸਮੀਨ ਦੇ ਚਿਹਰੇ ‘ਤੇ ਇਕ ਜੇਤੂ ਮੁਸਕਾਨ ਸੀ। ਪਟਵਾਰੀ ਬਲਜੀਤ ਸਿਓਂ ਵੀ ਡਿਊਟੀ ਤੋਂ ਆ ਗਿਆ ਸੀ, ਬਲਜੀਤ ਨੇ ਕਾਰ ਦੇ ਬ੍ਰੇਕ ਵਿਹੜੇ ਵਿੱਚ ਖੜ੍ਹੀ ਜੈਸਮੀਨ ਦੇ ਕੋਲ ਲ਼ਿਆ ਕੇ ਮਾਰੇ ਤੇ ਫਿਰ ਕਾਹਲੀ ਨਾਲ ਥੱਲੇ ਉੱਤਰਿਆ,

‘ਹੈਲੋ ਡਾਰਲਿੰਗ, ਹਾਉ ਆਰ ਯੂ’ ਬਲਜੀਤ ਨੇ ਜੈਸਮੀਨ ਨੂੰ ਖੁਸ਼ ਕਰਨ ਦੀ ਟੋਨ ਵਿੱਚ ਕਿਹਾ, ‘ਤੇ ਫਿਰ ਕਾਹਲੀ ਨਾਲ ਕਾਰ ਦੀ ਪਿਛਲੀ ਤਾਕੀ ਖੋਹਲੀ ਤੇ ਇੱਕ ਵੱਡੇ-ਵੱਡੇ ਦੋ ਲਿਫਾਫੇ ਚੁੱਕ ਕੇ ਜੈਸਮੀਨ ਦੇ ਮੂਹਰੇ ਕਰਦਿਆ ਕਿਹਾ ‘ਸਰਪਰਾਈਜ਼’ ਜੈਸਮੀਨ ਬਿਨਾਂ ਧਿਆਨ ਦਿੱਤੇ ਚੁੱਪ-ਚਾਪ ਖੜ੍ਹੀ ਰਹੀ।

‘ਓ ਹੈਲੋ ਮੈਡਮ ਜੀ ਤੁਹਾਡੇ ਲਈ ਦੋ ਨਵੇਂ ਸੂਟ ਲੈ ਕੇ ਆਇਆ’ ਬਲਜੀਤ ਨੇ ਜੈਸਮੀਨ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਿਹਾ।

‘ਮੇਰੇ ਲਈ ਸੂਟ ਬਾਅਦ ਵਿੱਚ ਸਹੀ, ਪਹਿਲਾ ਆਵਦੇ ਕੰਜਰ ਪਿਓ ਵਾਸਤੇ ਕੱਫਨ ਲ਼ਿਆ’ ਜੈਸਮੀਨ ਨੇ ਬਲਜੀਤ ਨੂੰ ਉੱਤਰ ਦਿੰਦਿਆ ਕਿਹਾ।

‘ਓ ਵੀ ਲੈ ਅਵਾਂਗਾ ਪਹਿਲਾ ਤੁਸੀਂ ਤਾਂ ਜਨਾਬ ਭੇਟਾ ਸਵੀਕਾਰ ਕਰੋ’ ਬਲਜੀਤ ਨੇ ਫਿਰ ਜੈਸਮੀਨ ਦੀ ਖੁਸ਼ਾਮਦੀ ਕਰਦਿਆਂ ਕਿਹਾ।

‘ਲੈ ਆਵਾਂਗਾ ਨਹੀਂ, ਲੈ ਆ ਔ ਪਿਆ ਵਿਹੜੇ ਵਿੱਚ ਲੰਮਾ’ ਜੈਸਮੀਨ ਨੇ ਹੱਥ ਦੇ ਇਸ਼ਾਰੇ ਨਾਲ ਬਲਜੀਤ ਨੂੰ ਕਿਹਾ।

ਬਾਪੂ ਨੱਥਾ ਸਿਓ ਲੰਮਾ ਪਿਆ ਸੀ, ਪ੍ਰਤਾਪਾ ਤੇ ਮੇਲੋ ਕੋਲੇ ਚੁੱਪ-ਚਾਪ ਬੈਠੇ ਸੀ, ਤੇ ਉਨ੍ਹਾਂ ਨੂੰ ਸਮਝ ਹੀ ਨਹੀਂ ਲੱਗ ਰਿਹਾ ਸੀ ਕੇ  ਆ ਕੀ ਭਾਣਾ ਵਰਤ ਗਿਆ, 2 ਮਿੰਟ ਪਹਿਲ਼ਾਂ ਚੰਗਾ ਭਲਾ ਨੱਥਾ ਲਾਸ਼ ਬਣਿਆ ਪਿਆ ਸੀ। ਬਲਜੀਤ, ਸੂਟ ਜੈਸਮੀਨ ਨੂੰ ਫੜ੍ਹਾ ਕੇ ਵਗ ਕੇ ਨੱਥਾ ਸਿਓ ਵੱਲ ਨੂੰ ਗਿਆ, ਜਦੋਂ ਬਲਜੀਤ ਝੁਕ ਕੇ ਨੱਥਾ ਸਿਓ ਨੂੰ ਦੇਖਣ ਲੱਗਿਆ ਤਾਂ ਰਾਊਂਡ ਅੱਪ ਦੇ ਮੁਸ਼ਕ ਨੇ ਉਸਨੂੰ ਪਿੱਛੇ ਹੀ ਰੋਕ ਦਿੱਤਾ, ਪੂਰੇ ਘਰ ਵਿੱਚ ਨੱਥਾ ਸਿੰਘ ਦੀ ਲਾਸ਼ ਦੇ ਗਮ ਨਾਲ ਰਾਊਂਡ ਦਾ ਮੁਸ਼ਕ ਵੀ ਫੈਲ ਚੁੱਕਿਆ ਸੀ ਹੁਣ।

‘ਕੀ ਹੋਇਆ ਏਨੂੰ?’ ਬਲਜੀਤ ਨੇ ਮੇਲੋ ਤੇ ਪ੍ਰਤਾਪੇ ਨੂੰ ਰਲਵਾਂ ਸਵਾਲ ਕੀਤਾ, ਪਰ ਕੋਈ ਕੁੱਝ ਨਾ ਬੋਲ਼ਿਆ, ਬਲਜੀਤ ਭੱਜ ਕੇ ਜੈਸਮੀਨ ਵੱਲ ਗਿਆ

‘ਇਹ ਤਾਂ ਸੱਚੀ ਮਰ ਗਿਆ’ ਹਫਦੇ ਹੋਏ ਬਲਜੀਤ ਨੇ ਕਿਹਾ

‘ਸੱਚੀ ਮਰਦੇ ਹੁੰਦੇ ਆ ਹੋਰ ਕੀ ਊਂਈ ਮੂਚੀ’ ਜੈਸਮੀਨ ਨੇ ਮੋੜਵਾਂ ਜਵਾਬ ਦਿੱਤਾ।

‘ਤੂੰ ਐਂਵੇ ਨਾ ਘਬਰਾਈ ਜਾ, ਏਦਾ ਹੱਲ ਕਰ ਹੁਣ, ਨਹੀਂ ਤਾਂ ਦੋਹਾਂ ਨੂੰ ਜੇਲ ਕੱਟਣੀ ਪੈਣੀ ਆਂ’ ਜੈਸਮੀਨ ਨੇ ਘਬਰਾਏ ਖੜ੍ਹੇ ਬਲਜੀਤ ਨੂੰ ਕਿਹਾ

‘ਕ…ਕ….ਕ…ਕੀ ਕਰਾਂ’ ਥਥਲਾਉਂਦੇ ਹੋਏ ਬਲਜੀਤ ਨੇ ਜੈਸਮੀਨ ਨੂੰ ਪੁੱਛਿਆ

‘ਕਰਨਾ ਕੀ ਆ’ ਪਹਿਲ਼ਾਂ ਤਾਂ ਆ ਪ੍ਰਤਾਪੇ ਨੂੰ ਤੋਰ ਏਥੋਂ

‘ਕ..ਕ..ਕੀ..ਕਹਾਂ’ ਬਲਜੀਤ ਪੂਰੀ ਤਰ੍ਹਾਂ ਘਬਰਾਇਆ ਹੋਇਆ ਸੀ।

‘ਤੈਥੋਂ ਨੀ ਹੋਣਾ ਕੁੱਝ, ਮੈਨੂੰ ਹੀ ਕਰਨਾ ਪਊ’ ਕਹਿੰਦੀ ਹੋਈ ਬਲਜੀਤ ਪ੍ਰਤਾਪੇ ਦੇ ਸਿਰ ‘ਤੇ ਜਾ ਖੜ੍ਹੀ ਹੋਈ ‘ਤਾਇਆ ਜੀ ਤੁਸੀਂ ਹੁਣ ਆਵਦੇ ਘਰ ਜਾਓ, ਨਾਲੇ ਇੱਕ ਗੱਲ ਹੋਰ ਏਨੂੰ ਸਪਰੇਅ ਤੁਸੀਂ ਪਿਆਈ ਐ ਮੈਂ ਇਸ ਗੱਲ ਦੀ ਗਵਾਹ’ ਜੈਸਮੀਨ ਨੇ ਪ੍ਰਤਾਪੇ ਨੂੰ ਸੰਬੋਧਨ ਕਰਦਿਆ ਕਿਹਾ

ਪ੍ਰਤਾਪੇ ਦਾ ਕੁੱਝ ਬੋਲਣ ਲਈ ਖੁੱਲ਼ਿਆ ਮੂੰਹ ‘ਸਪਰੇਅ ਤੁਸੀਂ ਪਿਆਈ ਐ, ਮੈਂ ਇਸ ਗੱਲ ਦੀ ਗਵਾਹ ਆ’ ਵਾਕ ਸੁਣਦਿਆ ਖੁੱਲੇ ਦਾ ਖੁੱਲ੍ਹਾ ਰਹਿ ਗਿਆ। ਮੱਥੇ ਤੇ ਤ੍ਰੇਲੀਆਂ ਨਾਲ ਮੁੜਕਾ ਤਿਪ – ਤਿਪ ਚੋਣ ਲੱਗ ਗਿਆ, , ਚਿਹਰੇ ਤੇ ਇੱਕ ਰੰਗ ਆਉਂਦਾ ਤੇ ਇੱਕ ਉੱਡ ਜਾਂਦਾ ਉਸਨੂੰ ਬੋਲਣ ਲਈ ਕੁੱਝ ਵੀ ਸੁੱਝ ਨਹੀਂ ਸੀ ਰਿਹਾ।

‘ਜੇ ਤੂੰ ਫਾਂਸੀ ਲੱਗਣ ਤੋਂ ਬਚਣੈ ਤਾਂ ਓਹੀ ਕਰਨਾ ਪਊ ਜੋ ਮੈਂ ਕਹਾਂਗੀ, ਬੋਲ ਮੰਨਜ਼ੂਰ ਐ’ ਜੈਸਮੀਨ ਨੇ ਆਪਣਾ ਅਦਾਲਤੀ ਫੈਸਲਾ ਪ੍ਰਤਾਪ ਨੂੰ ਸੁਣਾ ਦਿੱਤਾ ਸੀ। ਪ੍ਰਤਾਪੇ ਨੇ ਬਿਨ੍ਹਾਂ ਕੁੱਝ ਬੋਲੇ ਹਾਂ ਵਿੱਚ ਸਿਰ ਹਿਲਾ ਦਿੱਤਾ।

‘ਸ਼ਾਬਾਸ਼ ਤੈਨੂੰ ਕੁੱਝ ਨਹੀਂ ਪਤਾ, ਤੂੰ ਕੁੱਝ ਨਹੀਂ ਦੇਖਿਆ, ‘ਤੇ ਬੁੜਾ ਢੋਲ ਚੋਂ ਤੇਲ ਕੱਢਦਾ ਸੀ ਤੇਲ ਨੂੰ ਅੱਗ ਪੈ ਗਈ ਤੇ ਵਿੱਚੇ ਮੱਚ ਗਿਆ, ਸਮਝ ਗਿਆ’ ਜੈਸਮੀਨ ਨੇ ਪ੍ਰਤਾਪੇ ਨੂੰ ਮਾਮਲਾ ਸਮਝਾ ਦਿੱਤਾ ਸੀ, ਪ੍ਰਤਾਪੇ ਨੇ ਵੀ ਆਪਣਾ ਮਾਸ ਬਚਾਉਣ ਦੀ ਸੋਚ ਨਾਲ ਜੈਸਮੀਨ ਦਾ ਕਿਹਾ ਕਿਸੇ ਸਾਧੂ ਦੇ ਕਹੇ ਬਚਨਾ ਵਾਂਗ ਸਿਰ ਝੁਕਾ ਕੇ ਮੰਨਿਆਂ ਲਿਆ।

ਜੈਸਮੀਨ ਦੀ ਸਿਰਜੀ ਵਿਉਂਤ ਅਨੁਸਾਰ ਹੀ ਸਾਰਿਆ ਨੇ ਮਿਲ ਕੇ ਨੱਥਾ ਸਿਓ ਨੂੰ ਬਾਹਰਲੀ ਕੋਠੜੀ ਵਿੱਚ ਸੁੱਟ ਕੇ ਤੇਲ ਵਾਲਾ ਢੋਲ ਮੂਧਾ ਕਰਕੇ ਪੂਰੀ ਕੋਠੜੀ ਨੂੰ ਅੱਗ ਲਾ ਦਿੱਤੀ ਸੀ ਤੇ ਨੱਥਾ ਸਿਓ ਢੋਲ ਚੋਂ ਤੇਲ ਕੱਢਦਾ ਅੱਗ ਲੱਗਣ ਕਾਰਨ ਵਿੱਚੇ ਮੱਚ ਗਿਆ ਸੀ, ਤਹਿਸੀਲਦਾਰ ਸਾਹਬ ਅਤੇ ਥਾਣੇਦਾਰ ਸਾਹਬ ਦੇ ਰਸੂਖ ਨੇ ਸੱਚੀ ਕਹਾਣੀ ਨੂੰ ਸੱਤਾਂ ਪਰਦਿਆ ਦੇ ਅੰਦਰ ਕੱਜ ਕੇ ਝੂਠੀ ਕਹਾਣੀ ਪੂਰੇ ਜਹਾਨ ਵਿੱਚ ਘੁੰਮਾਂ ਦਿੱਤੀ ਸੀ। ਪ੍ਰਤਾਪਾ ਜੈਸਮੀਨ ਅਤੇ ਉਸਦੇ ਪੇਕਿਆ ਤੋਂ ਡਰਦਾ ਤੇ ਮੇਲੋ ਘਰ ਦੀ ਇੱਜ਼ਤ ਬਚਾਉਣ ਲਈ, ਸੱਚ ਨੂੰ ਅੰਦਰੇ-ਅੰਦਰ ਦਬਾ ਕੇ ਜਿਉਣ ਲਈ ਮਜ਼ਬੂਰ ਸੀ। ਇਸ ਤਰ੍ਹਾਂ ਨੱਥਾ ਸਿੰਘ ਹੋਣੀ ਨੂੰ ਪ੍ਰਵਾਨ ਹੋ ਗਿਆ ਸੀ।

ਨੱਥਾ ਸਿੰਘ ਤਾਂ ਮਰਕੇ ਜਾਨ ਛੜਾ ਗਿਆ ਸੀ, ਪਰ ਮੇਲੋ ਹਾਲੇ ਵੀ ਕਸਾਈਆਂ ਦੇ ਵੱਸ ਪਈ ਹੋਈ ਸੀ, ਬਲਜੀਤ ਅਤੇ ਜੈਸਮੀਨ ਦਾ ਕਹਿਰ ਦਿਨੋਂ ਦਿਨ ਮੇਲੋ ‘ਤੇ ਵੱਧਦਾ ਹੀ ਜਾਂਦਾ ਸੀ। ਨੱਥਾ ਸਿਓਂ ਦੀ ਮੌਤ ਦਾ ਦੁੱਖ, ਤੇ ਨੂੰਹ ਦੀ ਖਾਲੀ ਝੋਲੀ ਨੇ ਮੇਲੋ ਨੂੰ ਕੁਝ ਜਿਆਦਾ ਹੀ ਕੰਮਜ਼ੋਰ ਕਰ ਦਿੱਤਾ ਸੀ, ਉਂਝ ਮੇਲੋ ਆਪਣੇ ਦੁੱਖ ਨੂੰ ਨਹੀਂ ਸੀ ਗੌਲਦੀ, ਹੁਣ ਮੇਲੋ ਦੀ ਇੱਕੋ ਇੱਛਾਂ ਸੀ ਕਿ ਮਰਨ ਤੋਂ ਪਹਿਲਾਂ ਉਹ ਆਪਣੇ ਪੁੱਤ ਦੇ ਘਰ ਨਿੰਮ ਬੱਝਿਆ ਦੇਖ ਜਾਵੇ। ਪਰ ਜਾਪਦਾ ਸੀ ਮੇਲੋ ਦਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਣਾ, ਪਰ ਮੇਲੋ ਏਸੇ ਸੁਪਨੇ ਦੀ ਆਸ ‘ਤੇ ਨੂੰਹ ਪੁੱਤ ਦਾ ਤਸ਼ੱਦਦ ਸਹਿੰਦੀ ਹੋਈ ਜਿਉਂਦੇ ਰਹਿਣ ਲਈ ਤਿਆਰ ਸੀ।

ਪਰਾਂਤ ਵਿੱਚ ਮੂੰਹ ਗੱਡੀ ਮੇਲੋ ਨੇ ਦੋਹੇਂ ਹੱਥਾਂ ਨੂੰ ਪਰਾਂਤ ਦੇ ਕਿਨਾਰਿਆਂ ‘ਤੇ ਰੱਖ ਕੇ ਉੱਠਣ ਦਾ ਯਤਨ ਕੀਤਾ, ਇਸ ਤੋਂ ਪਹਿਲਾਂ ਕਿ ਮੇਲੋ ਪੀੜ੍ਹੀ ‘ਤੇ ਸਿੱਧੀ ਹੁੰਦੀ, ਜੈਸਮੀਨ ਨੇ ਠਾਹ ਕਰਦੀ ਲੱਤ ਉਸਦੀ ਵੱਖੀ ਵਿੱਚ ਮਾਰੀ, ਮੇਲੋ ਪੀੜ੍ਹੀ ਤੋਂ ਦੋ ਲੋਟਣੀਆਂ ਖਾ ਗਈ ਤੇ ਮੇਲੋ ਦਾ ਮੂੰਹ ਹੁਣ ਆਟੇ ਵਿੱਚੋਂ ਨਿਕਲ ਕੇ ਚੁੱਲ੍ਹੇ ਮੂਹਰੇ ਢੇਰੀ ਲਾਈ ਸੁਆਹ ਵਿੱਚ ਜਾ ਖੁੱਭਿਆ ।

‘ਬੈਤਲੇ ਐਂ ਰੋਟੀਆਂ ਸਾੜ-ਸਾੜ ਸਿੱਟੀ ਜਾਨੀਐ, ਪਸੂਆਂ ਨੇ ਖਾਣੀਐ’ ਜੈਸਮੀਨ ਨੇ ਮੇਲੋ ‘ਤੇ ਵਰਦਿਆ ਕਿਹਾ

ਖਿਲਰਿਆ ਝਾਟਾ, ਦੰਦਾ ਤੋਂ ਸੱਖਣਾ ਆਟੇ ਅਤੇ ਸੁਆਹ ਨਾਲ ਲਿੱਬੜਿਆ ਮੂੰਹ, ਧਸੀਆਂ ਅੱਖਾਂ ਮੇਲੋਂ ਬੇਹੱਦ ਡਰਾਵਣੀ ਲੱਗ ਰਹੀ ਸੀ, ਮੇਲੋ ਨੇ ਬਿਨ੍ਹਾਂ ਕੁਝ ਬੋਲਿਆਂ ਚੁੰਨੀ ਦੇ ਲੜ੍ਹ ਨਾਲ ਮੂੰਹ ਝਾੜਿਆ।

‘ਬੋਲਦੀ ਨੀ ਕੁੱਝ ਕੇ ਤੰਦੂਆ ਪੈ ਗਿਆ?’ ਜੈਸਮੀਨ ਨੇ ਵਿਚਾਰੀ ਬਣੀ ਬੈਠੀ ਮੇਲੋਂ ਨੂੰ ਹੋਰ ਤਾੜਦਿਆ ਕਿਹਾ।

‘ਪੁੱਤ ਕੀ ਕਰਾਂ ਮੈਨੂੰ ਹੁਣ ਦੀਹਦਾ ਨਹੀਂ ਮੈਂ…..’ ਹਾਲੇ ਮੇਲੋ ਕੁੱਝ ਕਹਿ ਹੀ ਰਹੀ ਸੀ ਕਿ ਠਾਹ ਕਰਦਾ ਚਪੇੜਾ ਜੈਸਮੀਨ ਨੇ ਉਸਦੇ ਮੂੰਹ ‘ਤੇ ਧਰ ਦਿੱਤਾ।

ਅੱਜ ਫੇਰ ਪ੍ਰਤਾਪਾ ਆਵਦੇ ਘਰੇ ਖੜ੍ਹਾ ਸਾਰਾ ਕੁੱਝ ਸਾਫ ਦੇਖ ਰਿਹਾ ਸੀ, ਪਰ ਉਹ ਹਿੰਮਤ ਨਾ ਕਰ ਸਕਿਆ ਕਿ ਆ ਕੇ ਮੇਲੋ ਨੂੰ ਛੁੜਾ ਦੇਵੇ, ਹਿੰਮਤ ਕਰਦਾ ਵੀ ਕਿਵੇਂ ਓਹਨੇ ਤਾਂ ਪਿਛਲੀ ਵਾਰੀ ਐਂਵੇ ਭਲਮਾਣਸੀ ਦੇ ਚੱਕਰ ਚ ਕਤਲ ਗਲ ਪਵਾ ਲ਼ਿਆ ਸੀ। ਹੁਣ ਤਾਂ ੳਸੁਨੇ ਸੌਹ ਹੀ ਖਾਂਹ ਲਈ ਸੀ ਭਾਵੇਂ ਕੋਈ ਅੱਖਾਂ ਦੇ ਸਾਹਮਣੇ ਇੱਕ ਦੂਜੇ ਨੂੰ ਵੱਢੀ ਜਾਵੇ ਆਪਾਂ ਨੀ ਦਖਲ ਦੇਣਾ।

‘ਤੈਨੂੰ ਦੀਹਦਾ ਨਹੀਂ ਕੰਜਰੀਏ? ਖੇਖਣ ਕਰਦੀ ਐ, ਆਵਦੇ ਖਾਣ ਨੂੰ ਚੀਜ਼ਾਂ ਤੈਨੂੰ ਕਿਵੇਂ ਦਿੱਸ ਜਾਂਦੀਐ, ਖੜਜਾ ਤੇਰੇ ਮੈਂ ਪਾਉਣੀਆਂ ਆ ਲੈਨਜ਼’ ਕਹਿੰਦਿਆ ਜੈਸਮੀਨ ਨੇ ਮੇਲੋਂ ਨੂੰ ਜੁੰਡਿਆਂ ਤੋਂ ਫੜ੍ਹ ਕੇ ਧੂਣਾ ਸ਼ੁਰੂ ਕਰ ਦਿੱਤਾ।

‘ਜੈਸਮੀਨ ਆ ਤੇਰੇ ਕਿਸੇ ਦੋਸਤ ਸਾਹਿਲ ਦਾ ਫੋਨ ਆਇਆ’ ਪਟਵਾਰੀ ਬਲਜੀਤ ਨੇ ਕੋਠੇ ‘ਤੇ ਖੜ੍ਹਿਆ ਜੈਸਮੀਨ ਨੂੰ ਅਵਾਜ਼ ਮਾਰੀ।

ਘਰੇ ਖੜ੍ਹੇ ਪ੍ਰਤਾਪੇ ਦੇ ਮੂੰਹੋ ਸੁਭਾਵਿਕ ਹੀ ਨਿਕਲ ਗਿਆ ‘ਐਹੋ ਜੀ ਲਾਦ ਕੰਨੀਓ ਤਾਂ ਬੰਦਾ ਔਤਰਾ ਹੀ ਚੰਗੈ, ਦੇਖਗਾਂ ਰੰਨ ਦਾ ਮੁਰੀਦ, ਰੰਨ ਦੀ ਦੂਜੇ ਖਸਮਾਂ ਨਾਲ ਗੱਲ ਕਰਾਂਉਂਦੇ ਨੂੰ ਸ਼ਰਮ ਤਾਂ ਨੀ ਆਉਂਦੀ, ਸਹੁਰਿਆ ਮਾਂ ਤੇਰੀ ਵਿਹੜੇ ਚ ਪਈ ਵਿਲਕੀ ਜਾਂਦੀਐ ਓਹਨੂੰ ਪਾਣੀ ਪਿਆਦੇ’ ਪ੍ਰਤਾਪੇ ਦੇ ਇਹ ਸ਼ਬਦ ਮਸਾਂ ਪ੍ਰਤਾਪੇ ਦੇ ਇੱਕ ਫੁੱਟ ਘੇਰੇ ਚ ਹੀ ਸੁਣਾਈ ਦੇ ਸਕਦੇ ਸੀ, ਇਸੇ ਲਈ ਪ੍ਰਤਾਪਾ ਓਨਾ ਦੇ ਨਜ਼ਰੀ ਨਹੀਂ ਪਿਆ ਨਹੀਂ ਇਹਨੇ ਸ਼ਬਦ ਕਹਿੰਦੇ ਪ੍ਰਤਾਪੇ ਦੀ ਖੈਰ ਨਹੀਂ ਸੀ।

‘ਬਾਪੂ ਤੂੰ ਐਥੇ ਖੜ੍ਹਾ ਕੀ ਬੁੜ ਬੁੜ ਜੀ ਕਰੀ ਜਾਨੈ, ਮੈਂ ਤੈਨੂੰ ਅੰਦਰ ਡੀਕੀ ਜਾਨੀਐ, ਆ ਨੇਂਬੂ ਦਾ ਪਾਣੀ ਪੀ ਲਾ’ ਪ੍ਰਤਾਪੇ ਦੀ ਸਹੁਰਿਓ ਆਈ ਧੀ ਮਿੰਦੀ ਨੇ ਕਿਹਾ।

‘ਆਉਣੈ ਪੁੱਤ ਆਉਣੈ, ਚੱਲ ਅੰਦਰ ਚੱਲਕੇ ਹੀ ਪੀਨੈਂ’ ਪ੍ਰਤਾਪੇ ਨੇ ਧੀ ਮਿੰਦੀ ਨੂੰ ਸੱਜੇ ਹੱਥ ਨਾਲ ਅੰਦਰ ਜਾਣ ਦਾ ਇਸ਼ਾਰਾ ਕਰਦਿਆਂ ਕਿਹਾ।

‘ਖੜ੍ਹ ਜਾ ਕੁੱਤੀਏ ਤੈਨੂੰ ਆ ਕੇ ਕਰਦੀ ਆਂ ਸੂਤ’ ਕਹਿੰਦੀ ਹੋਈ ਜੈਸਮੀਨ ਮੇਲੋਂ ਨੂੰ ਦੋ-ਤਿੰਨ ਧੱਫੇ ਮਾਰ ਕੇ ਵਿਹੜੇ ਵਿੱਚ ਧੁੱਪੇ ਹੀ ਸੁੱਟ ਗਈ।

‘ਬਾਪੂ ਭਾਬੀ ਆ ਕੀਹਦੇ ਨਾਲ ਲੜੀ ਜਾਂਦੀ, ਹੈਂ ਓਹ ਥੱਲੇ ਤਾਂ ਤਾਈ ਮੇਲੋ ਡਿੱਗੀ ਪਈ ਆ, ਆ ਬਾਪੂ ਚੱਲ ਕੇ ਦੇਖੀਏ’ ਮਿੰਦੀ ਨੇ ਕਾਹਲੀ ਪੈਂਦਿਆਂ ਬਾਪੂ ਪ੍ਰਤਾਪੇ ਨੂੰ ਕਿਹਾ।

‘ਰਹਿਣ ਦੇ ਧੀਏ, ਐਂਵੇ ਕੋਲਿਆਂ ਦੀ ਦਲਾਲੀ ਚ ਮੂੰਹ ਕਾਲਾ ਕਰਾਉਣ ਵਾਲੀ ਗੱਲ ਐ, ਇਨ੍ਹਾਂ ਦਾ ਤਾਂ ਨਿੱਤ ਦਾ ਰੰਡੀ ਰੋਣੈ, ਆ ਅੰਦਰ ਆ ਤੈਨੂੰ ਅੰਦਰ ਚੱਲ ਕੇ ਦੱਸਦਾ ਸਾਰੀ ਗੱਲ’ ਕਹਿੰਦਿਆਂ ਪ੍ਰਤਾਪੇ ਨੇ ਆਪਣੇ ਸੱਜੇ ਹੱਥ ਨਾਲ ਧੀ ਮਿੰਦੀ ਨੂੰ ਖੱਬੀ ਬਾਂਹ ਤੋਂ ਫੜਕੇ ਇੰਝ ਤੋਰ ਲਿਆ ਜਿਵੇਂ ਮਾਪੇ ਕਿਸੇ ਚੀਜ਼ ਲਈ ਜਿੱਦ ਕਰਦੇ ਬੱਚੇ ਨੂੰ ਫੜਕੇ ਘਰ ਵੱਲ ਤੋਰ ਲੈਂਦੇ ਨੇ। ਮਿੰਦੀ ਵੀ ਨਾ ਚਾਹੁੰਦਿਆ ਹੋਇਆਂ ਵੀ ਬਾਪੂ ਦੀ ਆਗਿਆਕਾਰੀ ਬਣਕੇ ਚੁੱਪਚਾਪ ਅੰਦਰ ਵੱਲ ਨੂੰ ਤੁਰ ਪਈ, ਪਰ ਉਸਦਾ ਦਿਲ ਹਾਲੇ ਵੀ ਤਾਈ ਮੇਲੋ ਦੀ ਦੇਖੀ ਦੁਰਦਸ਼ਾ ਕਾਰਨ ਤੇਜੀ ਨਾਲ ਧੜਕ ਰਿਹਾ ਸੀ।

ਮੇਲੋ ਵਿਹੜੇ ਵਿੱਚ ਪਈ ‘ਪਾਣੀ ਪਾਣੀ’ ਵਿਲਕ ਰਹੀ ਸੀ।

‘ਉੱਠ ਕੇ ਨੀ ਪੀਤਾ ਜਾਂਦਾ ਪਾਣੀ ਲੱਤਾ ਟੁੱਟੀਆਂ ਤੇਰੀਆਂ’ ਮੇਲੋ ਵੱਲ ਤੁਰੇ ਆਉਂਦੇ ਬਲਜੀਤ ਦੂਰੋਂ ਹੀ ਆਖਿਆ। ਮੇਲੋ ਹਾਲੇ ਵੀ ਪਾਣੀ-ਪਾਣੀ ਕੁਰਲਾ ਰਹੀ ਸੀ। ਬਲਜੀਤ ਨੇ ਮੇਲੋ ਨੂੰ ਜੁੰਢਿਆਂ ਤੋਂ ਫੜ੍ਹਿਆ ਤੇ ਖਿੱਚ ਕੇ ਪਾਣੀ ਵਾਲੇ ਤੌੜੇ ਕੋਲੇ ਲੈ ਗਿਆ। ‘ਲੈ ਲੱਕ ਲੈ ਪਾਣੀ ਕੁੱਤੀਏ’ ਬਲਜੀਤ ਨੇ ਮੇਲੋ ਨੂੰ ਝੰਜੋੜਿਦਆਂ ਕਿਹਾ।

‘ਅੱਜ ਏਹਦਾ ਵੀ ਮੇਰੇ ਪਿਓ ਦੀ ਰੰਨ ਦਾ ਕੰਡਾ ਕੱਢ ਈ ਦਿੰਨੇ ਆ’ ਜੈਸਮੀਨ ਨੇ ਆਉੰਦਿਆ ਦੂਰੋਂ ਹੀ ਮਨ ਦੀ ਅਸਲ ਇੱਛਾ ਜਾਹਿਰ ਕਰਦਿਆਂ ਕਿਹਾ।

‘ਕੰਡਾ ਤਾਂ ਕੱਢ ਦਿਆਗੇ ਜਾਨ ਪਰ ਫਿਰ ਘਰ ਦਾ ਕੰਮ ਕੌਣ ਕਰੂ’ ਬਲਜੀਤ ਨੇ ਨਿਮਾਣਾ ਜਿਹਾ ਬਣਕੇ ਆਪਣੀ ਮਾਲਕਨ ਪਤਨੀ ਨੂੰ ਸਵਾਲ ਕਰਦਿਆ ਕਿਹਾ

‘ਕੰਮ ਨੂੰ ਹੁਣ ਕਿਹੜਾ ਏਹ ਲੱਲਰ ਲਾਉਂਦੀ ਐ, ਕੋਈ ਬੁੜੀ ਰੱਖਲਾਂਗੇ ਕੰਮ ਤੇ’ ਜੈਸਮੀਨ ਨੇ ਮੋੜਵਾਂ ਜਵਾਬ ਦਿੱਤਾ।

‘ਦੇਖ ਲੈ ਇਹ ਮੁਫਤ ਦੀ ਨੌਕਰਾਣੀ ਐ, ਬਾਕੀ ਜਿਵੇਂ ਤੇਰੀ ਮਰਜ਼ੀ’ ਬਲਜੀਤ ਨੇ ਜੈਸਮੀਨ ਦੇ ਚਿਹਰੇ ਦਾ ਗੁੱਸਾ ਭਾਂਪਦਿਆ ਉਹਦੀ ਹਾਂ ਵਿੱਚ ਹਾਂ ਭਰ ਦਿੱਤੀ ਸੀ।

‘ਦੇਖਦਾ ਕੀ ਏ ਚੱਕ ਘੋਟਾ ‘ਤੇ ਬੁਲਾ ਦੇ ਪਾਰ’ ਜੈਸਮੀਨ ਨੇ ਬਲਜੀਤ ਨੂੰ ਹੁਕਮ ਦਿੰਦਿਆਂ ਕਿਹਾ।

ਬਲਜੀਤ ਨੇ ਵੀ ਚਿਰਾਗ ਦੇ ਜਿੰਨ ਵਾਂਗੂੰ ਆਪਣੇ ਆਕਾ ਦਾ ਹੁਕਮ ਮੰਨ ਕੇ ਘੋਟਾ ਚੱਕ ਲਿਆ ਤੇ ਆਪਣੀ ਮਾਂ ਮੇਲੋ ਦੇ ਸਿਰ ਵਿੱਚ ਮਾਰਨ ਹੀ ਵਾਲਾ ਸੀ ਕਿ ਐਨ ਮੌਕੇ ਤੇ ਪਿੱਛੋਂ ਇੱਕ ਰੋਹਬਦਾਰ ਅਵਾਜ਼ ਆਈ ‘ਖ਼ਬਰਦਾਰ, ਜੇ ਮਾਰਿਆ ਤਾਂ’ ਇਹ ਅਵਾਜ਼ ਥਾਣੇਦਾਰ ਨੇਕ ਸਿਓ ਦੀ ਸੀ। ਜਿਸਨੂੰ  ਪ੍ਰਤਾਪੇ ਦੀ ਧੀ ਮਿੰਦੀ ਨੇ ਫੋਨ ਕਰਕੇ ਕੁੱਝ ਸਮਾਂ ਪਹਿਲਾਂ ਹੀ ਅੱਜ ਵਾਲਾ ਸਾਰਾ ਹਾਲ ਬਿਆਨ ਕਰ ਦਿੱਤਾ ਸੀ।

ਪੁਲਿਸ ਨੂੰ ਦੇਖ ਕੇ ਪਟਵਾਰੀ ਬਲਜੀਤ ਦੇ ਤੋਤੇ ਉੱਡ ਗਏ ਸੀ, ਜੈਸਮੀਨ ਨੇ ਸੱਜੇ ਹੱਥ ਨਾਲ ਪੈਂਟ ਦੀ ਜੇਬ ਚੋਂ ਫੋਨ ਕੱਢਿਆ ਹੀ ਸੀ, ਕਿ ਧਾ ਕਰਦਾ ਚਪੇੜਾ ਲੇਡੀ ਪੁਲਿਸ ਮੁਲਾਜ਼ਮ ਨੇ ਜੈਸਮੀਨ ਦੇ ਮੂੰਹ ‘ਤੇ ਜੜ ਦਿੱਤਾ ਤੇ ਫੋਨ ਉਸਦੇ ਹੱਥ ਵਿੱਚੋਂ ਖੋਹ ਲਿਆ। ਪੁਲਿਸ ਦੋਹਾਂ ਨੂੰ ਫੜ੍ਹ ਕੇ ਥਾਣੇ ਲੈ ਗਈ।

ਮੇਲੋ ਦੀ ਹਾਲਤ ਬੇਹੱਦ ਖਸਤਾ ਸੀ ਇਸ ਲਈ ਥਾਣੇਦਾਰ ਸਾਹਬ ਦੇ ਹੁਕਮ ‘ਤੇ ਨਾਲ ਆਈ ਪਿੰਡ ਦੀ ਪੰਚਾਇਤ ਨੇ ਮੇਲੋਂ ਨੂੰ ਜ਼ਿਲ੍ਹੇ ਦੇ ਸਰਾਕਰੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਸੀ।

‘ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਹਾਲ ਆ ਤੁਹਾਡਾ, ਠੀਕ ਓ ਹੁਣ ਤੁਸੀਂ ’ਅਗਲੇ ਦਿਨ ਹਸਪਤਾਲ ਮੇਲੋ ਦੇ ਬਿਆਨ ਲੈਣ ਪਹੁੰਚੇ ਥਾਣੇਦਾਰ ਨੇਕ ਸਿਓ ਮੇਲੋ ਨੂੰ ਪੁੱਛਿਆ।

‘ਹਾਂ ਪੁੱਤ ਮੈਂ ਤਾਂ ਠੀਕ ਹੀ ਆ ਮੈਨੂੰ ਕੀ ਹੋਣਾ’ ਮੇਲੋ ਨੇ ਧੀਮੀ ਜਹੀ ਅਵਾਜ਼ ਵਿੱਚ ਥਾਣੇਦਾਰ ਨੂੰ ਕਿਹਾ

‘ਹਾਂ ਮਾਤਾ ਕੀ ਬਿਆਨ ਲਿਖਾਉਣੇ ਆ ਤੂੰ’ ਥਾਣੇਦਾਰ ਨੇ ਮੇਲੋ ਤੋਂ ਕਲ੍ਹ ਬੀਤੇ ਘਟਨਾ ਕ੍ਰਮ ਬਾਰੇ ਜਾਨਣ ਦੀ ਮਨਸ਼ਾ ਨਾਲ ਪੁੱਛਿਆ

‘ਕਾਹਦੇ ਬਾਰੇ ਪੁੱਤ’ ਮੇਲੋ ਨੇ ਹੈਰਾਨੀ ਜਹੀ ਪ੍ਰਗਟਾਉਂਦਿਆਂ  ਕਿਹਾ

‘ਕਾਹਦੇ ਬਾਰੇ? ਮਾਂ ਤੇਰਾ ਨੂੰਹ ਪੁੱਤ ਕੱਲ੍ਹ ਤੈਨੂੰ ਮਾਰਨ ਲੱਗੇ ਸੀ, ਓ ਤਾਂ ਸ਼ੁਕਰ ਕਰ ਸਾਨੂੰ ਤੁਹਾਡੇ ਗੁਆਂਢੀ ਦੀ ਧੀ ਮਿੰਦੀ ਨੇ ਸਮਾਂ ਰਹਿੰਦੇ ਦੱਸ ਦਿੱਤਾ ਤੇ ਅਸੀਂ ਮੌਕੇ ‘ਤੇ ਪਹੁੰਚ ਗਏ, ਨਹੀਂ ਤੇਰੇ ਆਲਾ ਸੰਖ ਤਾਂ ਪੂਰਿਆ ਗਿਆ ਸੀ’ ਥਾਣੇਦਾਰ ਨੇ ਹਾਸੇ ਜਿਹੇ ਨਾਲ ਮੇਲੋ ਨੂੰ ਕਿਹਾ।

‘ਨਹੀਂ ਪੁੱਤ ਮੇਰਾ ਨੂੰਹ-ਪੁੱਤ ਤਾਂ ਮੇਰੀ ਬਲਾਂਈ ਸੇਵਾ ਕਰਦੇ ਨੇ, ਸੋਨੂੰ ਕਿਸੇ ਨੇ ਗਲਤ ਕਹਿਤਾ ਐਂਵੇ ਜਾਣਕੇ, ਮੈਨੂੰ ਭਲਾ ਉਹ ਕਿਉਂ ਮਾਰਨਗੇ? ਮੇਲੋ ਨੇ ਥਾਣੇਦਾਰ ਨੂੰ ਸਮਝਾਉਣ ਦੇ ਲਹਿਜ਼ੇ ਵਿੱਚ ਕਿਹਾ।

‘ਹਾਂ ਪਤਾ ਸਾਨੁੰ ਜਿਹੜੀ ਓਹ ਤੇਰੀ ਸੇਵਾ ਕਰਦੇ ਐ, ਕੱਲ੍ਹ ਤੈਨੂੰ ਚਪੇੜਿਆਂ ਨਾਲ ਕੁੱਟਦੀ ਤੇਰੀ ਨੂੰਹ ਨੂੰ ਤੇ ਫਿਰ ਪਾਣੀ ਵਾਲੇ ਤੌੜੇ ਕੋਲ ਘੜੀਸ ਕੇ ਲਿਜਾਂਦਿਆ ਥੋਡੇ ਗਵਾਢੀ ਨੇ ਆਪ ਆਵਦੇ ਅੱਖੀਂ ਦੇਖਿਆਂ, ਫਿਰ ਤੇਰੇ ਸਿਰ ‘ਚ ਘੋਟਾ ਮਾਰਨ ਦੀ ਤਿਆਰੀ ‘ਚ ਖੜਾ ਤੇਰਾ ਪੁੱਤ ਮੈਂ ਆਪ ਦੇਖਿਆਂ ਮਾਤਾ, ਤੇ ਤੂੰ  ਪਰਦੇ ਪਾਉਣੀਐ ਉਨ੍ਹਾਂ ਦੇ ਗੁਨਾਹਾਂ’ ਤੇ’ ਥਾਣੇਦਾਰ ਨੇਕ ਸਿਓ ਨੇ ਮੇਲੋ ਨੂੰ ਥੋੜਾ ਰੋਹਬ ਨਾਲ ਕਿਹਾ।

‘ਨਾ ਪੁੱਤ ਪਰਦੇ ਨੀ ਪਾਉਂਦੀ, ਓ ਤਾਂ ਕੱਲ੍ਹ ਮੇਰੀ ਨੂੰਹ ਰੋਟੀਆਂ ਪਕਾਉਂਦੀ ਸੀ ਚੁੱਲ੍ਹੇ ਤੇ ਮੈਂ ਰੋਟੀ ਫੜ੍ਹਨ ਗਈ, ਚੱਕਰ ਖਾ ਕੇ ਚੁੱਲ੍ਹੇ ਮੂਹਰੇ ਡਿੱਗ ਪਈ, ਮੇਰੀ ਨੂੰਹ ਪੋਲਾ-ਪੋਲਾ ਮੇਰਾ ਮੂੰਹ ਥਪਥਪਾਉਂਦੀ ਹੋਈ ਮੈਨੂੰ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਫਿਰ ਜਦੋਂ ਮੈਨੂੰ ਹੋਸ਼ ਨਾ ਆਈ ਤਾਂ ਮੇਰਾ ਪੁੱਤ ਬਲਜੀਤ ਤੇ ਨੂੰਹ ਜੈਸਮੀਨ ਮੈਨੂੰ ਚੁੱਕ ਕੇ ਪਾਣੀ ਵਾਲੇ ਤੌੜੇ ਕੋਲ ਛਾਵੇਂ ਲੈ ਗਏ, ਤੇ ਉਹ ਪਾਣੀ ਦੇ ਛਿੱਟੇ ਮਾਰ-ਮਾਰ ਮੈਨੂੰ ਹੋਸ਼ ;ਚ ਲਿਆ ਰਹੇ ਸੀ…..ਮੇਲੋ ਇੱਕ ਸੁਲਝੇ ਵਕੀਲ ਵਾਂਗੂੰ ਬਾ ਦਲ਼ੀਲ ਥਾਣੇਦਾਰ ਦੀਆਂ ਕਹੀਆਂ ਗੱਲਾਂ ਦੇ ਜਵਾਬ ਦੇ ਰਹੀ ਸੀ।

‘ਓ ਮਾਂ ਭੋਲੀਏ ਤੇਰੇ ਨੂੰਹ ਪੁੱਤ ਨੇ ਸਾਰੇ ਜ਼ੁਲਮ ਕਬੂਲ ਕਰ ਲਏ ਨੇ, ਤੇਰੇ ‘ਤੇ ਕੀਤੇ ਤਸ਼ੱਦਦ ਦੇ ਵੀ ਤੇ ਤੇਰੇ ਪਤੀ ਨੱਥਾ ਸਿਓ ਨੂੰ ਮਾਰਨ ਦੇ ਵੀ, ਤੂੰ ਕਿਉਂ ਉਨ੍ਹਾਂ ਦਾ ਪੱਖ ਪੂਰਦੀ ਏ’ ਥਾਣੇਦਾਰ ਨੇਕ ਸਿਓ ਦੀ ਅਵਾਜ਼ ਵਿੱਚ ਇੱਕ ਤਰਲਾ ਜਿਹਾ ਸੀ

‘ਮੈਂ ਇੱਕ ਮਾਂ ਆ ਪੁੱਤ, ਹਾੜ੍ਹੇ ਰੱਬ ਦੇ ਵਾਸਤੇ ਮੇਰੇ ਪੁੱਤ ਨੁੰ ਕੁੱਝ ਨਾ ਕਹੇ ਓ, ਓਹਦਾ ਕੋਈ ਦੋਸ਼ ਨੀ, ਸਾਰਾ ਦੋਸ਼ ਸਾਡੇ ਕਰਮਾਂ ਦਾ ਪੁੱਤ, ਸਾਡੇ ਕਰਮਾਂ ਦਾ’ ਕਹਿੰਦੀ ਮੇਲੋ ਧਾਹਾਂ ਮਾਰ-ਮਾਰ ਕੇ ਉੱਚੀ-ਉੱਚੀ ਰੋਣ ਲੱਗ ਪਈ।

ਥਾਣੇਦਾਰ ਨੱਥਾ ਸਿੰਘ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ ‘ਨਾ ਰੋਹ ਮਾਂ ਮੇਰੀਏ ਨਾ ਰੋ, ਕੀਤੇ ਕਰਮਾਂ ਦਾ ਨਤੀਜਾ ਤਾਂ ਸਭ ਨੂੰ ਭੁਗਤਣਾ ਪੈਂਦਾ ਏ’ ਬੋਲਦਿਆਂ ਨੇਕ ਸਿੰਘ ਦਾ ਗੱਚ ਭਰ ਗਿਆ। ਉਸਨੇ ਇੱਕ ਲੰਮਾ ਸਾਹ ਲ਼ਿਆ ਤੇ ਫਿਰ ਜੇਬ ਚੋਂ ਰੁਮਾਲ ਕੱਢ ਕੇ ਅੱਖਾਂ ਵਿੱਚ ਆਉਂਦੇ ਆਪਣੇ ਅੱਥਰੂਆਂ ਨੂੰ ਕਿਸੇ ਨੂੰ ਦਿੱਸਣ ਤੋਂ ਪਹਿਲਾਂ ਹੀ ਪੂੰਝ ਦਿੱਤਾ।

‘ਹਾਏ ਓ ਮੇਰਿਆਂ ਡਾਢਿਆਂ ਇੱਕ ਮਾਂ ਦਾ ਕਰਜ਼ ਕੋਈ ਕਿਵੇਂ ਦੇਵੇ, ਐਨਾ ਤਸ਼ੱਦਦ ਸਹਿ ਕੇ ਵੀ ਆਪਣੇ ਪੁੱਤ ਦੀ ਖੈਰ ਮੰਗਦੀ ਐ ਮਾਂ, ਮਾਂ ਤੂੰਹੀ ਐ ਰੱਬ ਦਾ ਸਰਗੁਣ ਸਰੂਪ, ਜਿਹੜਾਂ ਸੱਚੀਂ ਨਿਰਵੈਰ ਐ’ ਕਹਿੰਦਿਆਂ ਥਾਣੇਦਾਰ ਨੇਕ ਸਿਓ ਨੇ ਮੇਲੋਂ ਦੇ ਪੈਰਾਂ ਨੂੰ ਦੋਂਹੇ ਹੱਥਾਂ ਨਾਲ ਛੁਹਿਆਂ ਤੇ ਤੇਜ਼ੀ ਨਾਲ ਹਸਪਤਾਲ ਦੇ ਕਮਰੇ ਵਿੱਚੋਂ ਬਾਹਰ ਚਲਾ ਗਿਆ, ਜੇ ਉਹ ਨਾ ਜਾਂਦਾ ਤਾਂ ਸ਼ਾਇਦ ਭੁੱਬਾਂ ਮਾਰ ਮਾਰ ਕੇ ਮੇਲੋ ਦੇ ਗਲ ਲੱਗ ਕੇ ਰੋਣ ਲੱਗ ਜਾਂਦਾ।

ਥਾਣੇਦਾਰ ਦੇ ਚਲੇ ਜਾਣ ਪਿੱਛੋਂ ਮੇਲੋ ਨੇ ਆਪਣੇ ਅੰਦਰ ਇੱਕ ਅਜੀਬ ਜਿਹਾ ਭੈਅ ਉੱਭਰਦਾ ਦੇਖਿਆ, ਛੇਤੀ ਨਾਲ ਉਸਨੇ ਆਪਣੇ ਦੋਵੇਂ ਹੱਥ ਆਪਣੀ ਕੁੱਖ ਤੇ ਰੱਖ ਲਏ ਤੇ ਫਿਰ ਬੈੱਡ ‘ਤੇ ਬੈਠਿਆਂ ਹੀ  ਨੇ ਸਾਹਮਣੇ ਲੱਗੀ ਬਾਬੇ ਨਾਨਕ ਦੀ ਤਸਵੀਰ ਅੱਗੇ ਹੱਥ ਜੋੜਦਿਆਂ ਬੜੀ ਨਿਮਰਤਾ ਨਾਲ ਕਿਹਾ ‘ਹੇ ਸੱਚਿਆ ਪਾਤਸ਼ਾਹ ਮੇਰੇ ਪੁੱਤ ਦੀ ਰੱਖਿਆਂ ਕਰੀਂ’।

1 thought on “ਮਾਂ”

Leave a Comment

Your email address will not be published. Required fields are marked *

Scroll to Top