ਮਾਨਵ-ਕਲਿਆਣ ਦੀ ਦਸਤਕ ‘ਮਿੱਟੀ ਕਰੇ ਸੁਆਲ’
ਸਮੀਖਿਅਕ:- ਪ੍ਰੋ. ਨਵ ਸੰਗੀਤ ਸਿੰਘ
ਸੁਰਜੀਤ ਸਿੰਘ ਸਿਰੜੀ ਗੈਰ-ਪੰਜਾਬੀ ਰਾਜ ਵਿੱਚ ਅੰਕਾਂ ਦੀ ਸਿੱਖਿਆ ਦਿੰਦਾ ਹੋਇਆ ਮਾਂ-ਬੋਲੀ ਦਾ ਪਰਚਮ ਲਹਿਰਾ ਰਿਹਾ ਹੈ। ਉਹਦਾ ਅਧਿਆਪਨ ਕਾਰਜ ਅਤੇ ਲੇਖਨ ਯੁਗਮ ਵਿਰੋਧਤਾ ਦੇ ਬਾਵਜੂਦ ਸਹਿਜ-ਸਾਮੰਜਸ ਬਣਾਈ ਬੈਠੇ ਹਨ। ਕਿੱਤੇ ਵਜੋਂ ਉਹ ਸਕੂਲੀ ਵਿਦਿਆਰਥੀਆਂ ਨੂੰ ਹਿਸਾਬ ਦੇ ਫਾਰਮੂਲੇ ਸਮਝਾਉਂਦਾ ਹੈ ਪਰ ਸਵੈ-ਪ੍ਰਗਟਾਵੇ ਲਈ ਕਾਵਿ ਸੰਵੇਦਨਾ ਉਹਦੀ ਪਰਵਾਜ਼ ਨੂੰ ਠੁੰਮਣਾ ਦਿੰਦੀ ਹੈ। ‘ਮੱਥੇ ਸੂਰਜ ਧਰ ਰੱਖਿਆ ਏ’ (ਕਾਵਿ ਸੰਗ੍ਰਹਿ, 2017) ਅਤੇ ‘ਕੁੰਭ ‘ਚ ਛੁਟੀਆਂ ਔਰਤਾਂ’ (ਕਾਵਿ ਅਨੁਵਾਦ, 2024) ਤੋਂ ਬਿਨਾਂ ਉਹਨੇ ਸਾਹਿਤਕ ਪੱਤ੍ਰਿਕਾਵਾਂ ਵਿੱਚ ਆਪਣੀ ਜ਼ਿਕਰਯੋਗ ਹਾਜ਼ਰੀ ਲੁਆਈ ਹੈ।
‘ਮਿੱਟੀ ਕਰੇ ਸੁਆਲ’ (ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ, ਪੰਨੇ 128, ਮੁੱਲ 160/-) ਉਹਦੀ ਨਵੀਨਤਮ ਕਾਵਿ-ਕਿਤਾਬ ਹੈ। ਇਸ ਵਿੱਚ 82 ਕਵਿਤਾਵਾਂ ਹਨ। ਧਰਤੀ ਅਤੇ ਧਰਤੀ ਦੇ ਲੋਕਾਂ ਨਾਲ ਜੁੜੀਆਂ ਇਹ ਕਵਿਤਾਵਾਂ ਨਿਰਾਸ਼ਾਵਾਦੀ ਜਾਂ ਪਿਛਾਂਹਖਿਚੂ ਬਿਲਕੁਲ ਨਹੀਂ, ਸਗੋਂ ਮੁਸ਼ੱਕਤ ਅਤੇ ਜਾਂਬਾਜ਼ੀ ਦਾ ਪੈਗ਼ਾਮ ਦਿੰਦੀਆਂ ਹਨ। ਆਪਣੇ ਕਾਵਿ ਸਿਧਾਂਤ ਨੂੰ ਰੇਖਾਂਕਿਤ ਕਰਦਿਆਂ ਉਹਨੇ ਸਪਸ਼ਟ ਕੀਤਾ ਹੈ ਕਿ ਉਹਦੀ ਕਵਿਤਾ ਛੰਦ, ਬਹਿਰ ਤੋਂ ਵਿਹੂਣੀ ਜ਼ਰੂਰ ਹੈ ਪਰ ਇਸ ਵਿੱਚੋਂ ਜੀਵਨ-ਸੰਗੀਤ ਅਤੇ ਜਾਗਦੀਆਂ ਅੱਖਾਂ ਦੇ ਸੁਪਨੇ ਵੇਖੇ/ਸੁਣੇ ਜਾ ਸਕਦੇ ਹਨ (ਮੇਰੀ ਕਵਿਤਾ, 17-18)। ਉਹ ਕਵਿਤਾ ਨੂੰ ਤੁਕਾਂਤਬੰਦੀ ਜਾਂ ਕਲਪਨਾ ਦੀ ਥਾਂ ਜੁਗਾਂ-ਜੁਗਾਂ ਤੱਕ ਰਹਿਣ ਵਾਲਾ ਲੋਕਗੀਤ ਬਣਿਆ ਵੇਖਣਾ ਲੋਚਦਾ ਹੈ (ਲੋਕਗੀਤ, 16)। ਕਾਗਜ਼ ਤੇ ਕਲਮ ਦੀ ਗੁਫ਼ਤਗੂ ਰਾਹੀਂ ਉਹ ਮਨੁੱਖ ਦੇ ਭਵਿੱਖ ਨੂੰ ਸੁਹਣੇਰਾ ਤੇ ਚੰਗੇਰਾ ਬਣਾਉਣ ਦਾ ਇੱਛਕ ਹੈ (ਕਾਗਜ਼-ਕਲਮ ਸੰਵਾਦ, 20-21)। ਜੀਵਨ ਦੀਆਂ ਤਲਖ਼ੀਆਂ, ਔਕੜਾਂ ‘ਚੋਂ ਰਾਹ ਲੱਭਦਾ ਕਵੀ ਗਲਪੀ ਪਾਤਰਾਂ ਦੇ ਸੰਗ-ਸਾਥ ਵਿੱਚ ਕਵਿਤਾ ਨਾਲ ਇੱਕਮਿੱਕ ਹੋ ਜਾਂਦਾ ਹੈ (ਕਵਿਤਾ ਦਾ ਦੇਸ਼, 22-23; ਹਮਸਫ਼ਰ, 24)। ਇਸ ਸੰਗ੍ਰਹਿ ਦੀਆਂ ਪਹਿਲੀਆਂ ਛੇ ਕਵਿਤਾਵਾਂ ਕਵਿਤਾ, ਕਵੀ, ਕਾਵਿ ਕਰਮ ਤੇ ਕਾਵਿ ਮਰਮ ਨੂੰ ਪਛਾਣਨ ਦੇ ਆਹਰ ਵਿੱਚ ਹਨ।
ਸੰਗ੍ਰਹਿ ਦੀਆਂ ਕਰੀਬ ਅੱਧੀਆਂ ਕਵਿਤਾਵਾਂ ਇੱਕ-ਸ਼ਬਦੀ ਹਨ (ਵਿਸਮਾਦ, ਹਮਸਫ਼ਰ, ਮਾਂ, ਪਿਤਾ, ਪੇਕਾ, ਬਾਪੂ, ਦਿੱਲੀਏ, ਬਾਬਾ, ਤਵਾਰੀਖ, ਵਿਕਾਸ, ਜੀਵਨ, ਅਸੀਸ, ਇਸ਼ਕ, ਮੁਹੱਬਤ, ਮਨ, ਰੰਗ, ਗੱਲ ਘਰ, ਬੱਚਾ, ਮੇਲ ਆਦਿ)। ਇਸੇ ਤਰ੍ਹਾਂ 54 ਕਵਿਤਾਵਾਂ ਇੱਕ-ਅੱਧੇ ਪੰਨੇ ਤੱਕ ਹੀ ਸੀਮਿਤ ਹਨ। ਜ਼ਰਖੇਜ਼ ਜ਼ਮੀਨ, ਹਰੀ ਦਿੱਲੀ, ਇਤਿਹਾਸ, ਮੁਹੱਬਤ, ਮੈਂ ਤੇ ਤੂੰ, ਪ੍ਰੇਮ ਵਿੱਚ, ਭਟਕਣ, ਗੱਲ, ਤੜਪ ਜਿਹੀਆਂ ਕਵਿਤਾਵਾਂ 4 ਤੋਂ 7 ਪੰਕਤੀਆਂ ਵਿੱਚ ਸਿਮਟੀਆਂ ਹੋਈਆਂ ਹਨ, ਪਰ ਕਵਿਤਾਵਾਂ ਦੇ ਛੋਟੇ ਆਕਾਰ ਵਿੱਚੋਂ ਭਾਵਾਂ ਦਾ ਵਿਸਤਾਰ ਸਹਿਜੇ ਹੀ ਗੌਲ਼ਿਆ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਸੱਚ ਦੇ ਅਲੰਬਰਦਾਰ ਰਹੇ ਤੇ ਸੱਚ ਦਾ ਹੀ ਪੈਗ਼ਾਮ ਸਾਰੀ ਕਾਇਨਾਤ ਨੂੰ ਦਿੰਦੇ ਰਹੇ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਨੇ ਕੁਰਾਹੀਆਂ, ਹੰਕਾਰੀਆਂ ਤੇ ਆਕੜਖਾਨਾਂ ਨਾਲ ਸ਼ਬਦ-ਸੰਵਾਦ ਰਚਾਇਆ ਤੇ ਉਨ੍ਹਾਂ ਵਿੱਚੋਂ ਹਉਮੈ, ਖ਼ੁਦੀ ਤੇ ਅਭਿਮਾਨ ਦੇ ਭਾਵਬੋਧ ਨੂੰ ਨੇਸਤੋਨਾਬੂਦ ਕਰ ਦਿੱਤਾ। ਉਨ੍ਹਾਂ ਦੀ ਬਾਣੀ ਅੱਜ ਵੀ ਤਤਕਾਲੀ ਹਾਕਮਾਂ ਨੂੰ ਵੰਗਾਰਨ ਦੀ ਸਮਰੱਥਾ ਰੱਖਦੀ ਹੈ :
ਤੇ ਆਖਦਾ
ਮਰਦਾਨਿਆ ਰਬਾਬ ਵਜਾ
ਤੇ ਇਸ ਵਾਰ
ਉੱਚੀ ਸੁਰ ਵਿੱਚ ਭਾਈ ਗੁਰਦਾਸ ਦੀ ਵਾਰ ਲਾਉਂਦਾ
“ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ।
ਸਪੈ ਦੁਧ ਪੀਆਲੀਐ ਵਿਹੁ ਮੁਖਹੁ ਸਟੈ।” (52)
ਮਿੱਟੀ/ਧਰਤੀ/ਜ਼ਮੀਨ ਨਾਲ ਸੰਬੰਧਿਤ 5 ਕਵਿਤਾਵਾਂ ਪੁਸਤਕ ਵਿੱਚ ਸ਼ਾਮਲ ਹਨ – ਮਿੱਟੀ ਦਾ ਮੋਹ (35), ਜ਼ਰਖੇਜ਼ ਜ਼ਮੀਨ (51), ਸੂਹੀ ਧਰਤ (55), ਮਿੱਟੀ ਕਰੇ ਸੁਆਲ (57) ਅਤੇ ਮਿੱਟੀ (104)। ਇਸ ਰੰਗ ਦੀਆਂ ਕਵਿਤਾਵਾਂ ਵਿੱਚ ਕਵੀ ਆਪਣੀ ਜਨਮ ਭੂਮੀ, ਬਦਲਦੀਆਂ ਰੁੱਤਾਂ, ਧਰਤੀ ਦਾ ਰੁਦਨ ਅਤੇ ਮਿੱਟੀ ਪ੍ਰਤੀ ਬਾਲ-ਮੋਹ ਨੂੰ ਖਾਸ ਤੌਰ ਤੇ ਮੁਦ੍ਰਿਤ ਕਰਦਾ ਹੈ। ਸੰਗ੍ਰਹਿ ਦੀਆਂ ਜ਼ਿਆਦਾਤਰ ਕਵਿਤਾਵਾਂ ਸੈਲਾਨੀ ਛੰਦ ਵਿੱਚ ਹਨ। ਪਰ ਕਿਸੇ ਕਿਸੇ ਕਵਿਤਾ ਵਿੱਚ ਤੁਕਾਂਤਮੇਲ ਵੀ ਨਜ਼ਰ ਆਉਂਦਾ ਹੈ। ਸੰਗ੍ਰਹਿ ਦੀ ਸ਼ੀਰਸ਼ਕ ਕਵਿਤਾ ਇਹਦੀ ਮਿਸਾਲ ਹੈ, ਜਿਸ ਵਿੱਚ ਧਰਤੀ ਤੇ ਵੱਸਦੇ ਭਿੰਨ ਭਿੰਨ ਲੋਕਾਂ ਦੇ ਸੁਭਾਅ ਦੀ ਬਾਤ ਪਾਈ ਗਈ ਹੈ :
ਇੱਕ ਪਾਸੇ ਪੁੱਤ ਨੇ ਮੇਰੇ
ਦੂਜੇ ਖਲੋਤੇ ਆ ਦਲਾਲ
… … …
ਇਕਨਾਂ ਮੈਨੂੰ ਕੋਹ ਕੋਹ ਖੋਹਿਆ
… … …
ਇਕਨਾਂ ਗੋਦੀ ਆਣ ਸਿਰ ਧਰਿਆ
… … …
ਇੱਕ ਥਾਂ ਥਾਂ ਰੋਲਣ ਇਜ਼ਤ ਮੇਰੀ
… … …
ਇੱਕ ਮਾਂ ਆਖ ਪੁਕਾਰਨ ਮੈਨੂੰ (57)
ਕੋਰੋਨਾ ਕਾਲ ਤੇ ਲੌਕਡਾਊਨ ਦੇ ਸਮੇਂ ਵਿੱਚ ਪੀੜਤ ਲੋਕਾਂ ਦੇ ਬਿਰਤਾਂਤ ਨੂੰ ਕਵੀ ਨੇ ਬੇਹੱਦ ਭਾਵੁਕਤਾ ਨਾਲ ਸਿਰਜਿਆ ਹੈ। ਇਨ੍ਹਾਂ ਸਮਿਆਂ ਵਿੱਚ ਗਰੀਬ-ਗੁਰਬਿਆਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਕਿੰਨਾ ਮੁਸ਼ਕਿਲ ਹੋ ਗਿਆ ਸੀ! ਮਾਈਬਾਪ (58-59) ਕਵਿਤਾ ਵਿੱਚ ਇਸ ਦਰਦ ਦੀ ਦਾਸਤਾਨ ਛੁਪੀ ਹੋਈ ਹੈ।
ਵਿਕਾਸ (70), ਮੁਆਫ਼ੀ ਪੁੱਤ! ਮੁਆਫ਼ੀ!! (71-73), ਰੋਬੋਟ (74) ਜਿਹੀਆਂ ਕਵਿਤਾਵਾਂ ਵਿੱਚ ਆਧੁਨਿਕਤਾ ਦੇ ਨਾਂ ਤੇ ਕੀਤੇ ਜਾ ਰਹੇ ਖਿਲਵਾੜ/ਵਿਨਾਸ਼ ਨੂੰ ਬਾਖੂਬੀ ਪ੍ਰਗਟਾਇਆ ਗਿਆ ਹੈ। ਅੱਜ ਦੇ ਉਦਯੋਗਿਕ, ਮਸ਼ੀਨੀ ਤੇ ਸਭ ਤੋਂ ਵੱਧ ਡਿਜੀਟਲ ਯੁਗ ਵਿੱਚ ਕੰਮ, ਕਿੱਤਾ ਤੇ ਵਿਰਸਾ ਕਿੰਨਾ ਪ੍ਰਭਾਵਿਤ ਹੋਇਆ ਹੈ, ਇਸਦੀ ਸਟੀਕ ਉਦਾਹਰਣ ਮੇਰਾ ਪਿੰਡ (68-69) ਹੈ, ਜਿਸ ਵਿੱਚ ਪਿੰਡ ਤੇ ਸ਼ਹਿਰ ਵਿਚਲੇ ਫ਼ਰਕ ਤੇ ਫਿਰ ਇੱਕੋ ਜਿਹੇ ਹੋਣ ਦਾ ਵਰਣਨ ਹੈ :
ਐਕੁਆਇਰ ਹੋ ਗਈ ਏ
ਪਿੰਡ ਦੀ ਜ਼ਮੀਨ
ਲੱਗ ਗਈਆਂ ਨੇ
ਵੱਡੀਆਂ ਵੱਡੀਆਂ ਫੈਕਟਰੀਆਂ
ਪਿੰਡ ਦੇ ਬਾਹਰ ਲੱਗੇ ਰਹਿੰਦੇ ਨੇ
ਗੰਦਗੀ ਦੇ ਢੇਰ
ਸਾਰਾ ਦਿਨ ਆਉਂਦੀ ਏ ਬੋਅ
ਦੂਸ਼ਿਤ ਪਾਣੀ ਦੀ
… … …
ਹੁਣ ਤੇਰੇ ਸ਼ਹਿਰ ਵਰਗਾ ਹੀ
ਹੋ ਗਿਆ ਏ ਮੇਰਾ ਪਿੰਡ
ਹੁਣ ਕੀ ਕਰਨਾ ਹੈ ਤੂੰ
ਇੱਥੇ ਆ ਕੇ (68-69)
ਉਦਾਸੀ, ਨਿਰਾਸ਼ਾ, ਕਾਲਖ ਤੇ ਆਪੋਧਾਪੀ ਦੇ ਧੁਆਂਖੇ ਦੌਰ ਵਿੱਚ ਵੀ ਕਵੀ ਆਸ਼ਾਵਾਦ ਦਾ ਪੱਲਾ ਨਹੀਂ ਛੱਡਦਾ। ਉਹਨੂੰ ਉਮੀਦ ਹੈ ਕਿ ਬੇਕਿਰਕੀ ਦਾ ਆਲਮ ਸਦਾ ਨਹੀਂ ਰਹਿਣਾ ਤੇ ਇੱਕ ਨਾ ਇੱਕ ਦਿਨ ਸੰਘਰਸ਼ ਤੇ ਹਿੰਮਤ ਦੀ ਜਿੱਤ ਹੋਵੇਗੀ, ਰੁੱਤਾਂ ਬਦਲਣਗੀਆਂ, ਫ਼ਿਜ਼ਾ ਵਿੱਚ ਮਹਿਕ ਪਰਤੇਗੀ। ਜਿੱਤ (75) ਅਤੇ ਰੁੱਤ ਬਦਲੇਗੀ (77) ਇਸੇ ਵਿਸ਼ੇ ਨੂੰ ਦਰਸਾਉਂਦੀਆਂ ਕਵਿਤਾਵਾਂ ਹਨ :
ਫ਼ਿਜ਼ਾ ਵਿੱਚ ਫਿਰ ਮਹਿਕ ਖਿਲਰਦੀ
ਜ਼ਿੰਦਗੀ ਦੀ ਰੌਅ ਮੁੜ ਪਲਰਦੀ
ਓੜਕ ਜ਼ਿੰਦਗੀ ਜਿੱਤਦੀ (75)
ਨਵੇਂ ਸੂਰਜ ਵੀ ਉੱਗਣਗੇ
ਸਭ ਕਾਲਖਾਂ ਹਰਨਗੇ
ਕੋਈ ਵੀ ਰੁੱਤ ਕਦੋਂ ਥਿਰ ਰਹਿੰਦੀ? (77)
ਇਸ ਪੁਸਤਕ ਵਿੱਚ ਕਵਿਤਾਵਾਂ ਤੋਂ ਪਹਿਲਾਂ ਆਦਿਕਾ ਵਿੱਚ ਲਿਖੇ ਤਬਸਰੇ ਰਾਹੀਂ ਵੀ ਸੰਗ੍ਰਹਿ ਬਾਰੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ। ਕਵੀ ਦਾ ਕਲਾਮ ਦੁਨੀਆਂ ਨੂੰ ਜੰਗ ਦੀ ਥਾਂ ਅਮਨ, ਭੁੱਖ ਦੀ ਥਾਂ ਰੋਟੀ, ਬੇਕਾਰੀ ਦੀ ਥਾਂ ਰੋਜ਼ਗਾਰ ਦੇਣ ਦਾ ਮੁਤਲਾਸ਼ੀ ਹੈ। ਪੰਜਾਬੀ ਕਾਵਿ ਜਗਤ ਵਿੱਚ ‘ਮਿੱਟੀ ਕਰੇ ਸੁਆਲ’ ਦਾ ਨਿੱਘਾ ਸਵਾਗਤ ਹੈ।
****
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਇਲ:-9417692015