ਲੇਖਕ-ਰੀਨੂ ਕੌਰ
ਸੁਖਦੀਪ ਸਵੇਰੇ ਸਵੇਰੇ ਬੜੇ ਹੀ ਚਾਅ ਨਾਲ ਆਪਣਾ ਸਾਮਾਨ ਪੈਕ ਕਰਦਾ ਹੋਇਆ ਮਨ ਹੀ ਮਨ ਆਪਣੀ ਪਤਨੀ ਤੇ ਬੱਚਿਆਂ ਬਾਰੇ ਸੋਚ ਕੇ ਮੁਸਕਰਾ ਰਿਹਾ ਸੀ। ਉਸਨੇ ਅੱਜ ਕਈ ਦਿਨਾਂ ਬਾਅਦ ਘਰ ਪਰਤਣਾ ਸੀ। ਦੂਰ ਡਿਊਟੀ ਹੋਣ ਕਾਰਨ ਉਸਦਾ ਰੋਜ਼ਾਨਾ ਘਰ ਆਉਣਾ ਅਸੰਭਵ ਸੀ।
“ਮੰਮੀ,ਪਾਪਾ ਕਦੋਂ ਆਉਣਗੇ?”
ਫ਼ੋਨ ਤੇ ਬੱਚਿਆਂ ਦੇ ਇਹ ਬੋਲ ਸੁਣ ਉਸ ਦਾ ਮਨ ਹੋਰ ਤਰਲੋ ਮੱਛੀ ਹੋਣ ਲੱਗਾ।
ਘਰ ਪਹੁੰਚਦਿਆਂ ਹੀ ਜਦ ਬੱਚਿਆਂ ਨੂੰ ਦਰਵਾਜੇ ਤੇ ਖੜ੍ਹੇ ਉਡੀਕਦੇ ਦੇਖਿਆ ਤਾਂ ਸੁਖਦੀਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਦੋਵੇਂ ਬੱਚਿਆਂ ਨੂੰ ਕਲਾਵੇ ਵਿੱਚ ਲੈਣ ਲਈ ਜਿਉਂ ਹੀ ਬਾਹਾਂ ਫੈਲਾਈਆਂ ਤਾਂ ਬੱਚੇ ਸੁਖਦੀਪ ਹੱਥੋਂ ਫ਼ੋਨ ਖੋਹ ਕਮਰੇ ਵਿੱਚ ਆ ਕੇ ਗੇਮ ਖੇਡਣ ਲੱਗੇ। ਉਸ ਦੇ ਦੋਵੇਂ ਹੱਥ ਹਵਾ ਵਿੱਚ ਲਟਕਦੇ ਹੀ ਰਹਿ ਗਏ।
ਬਹੁਤ ਬਹੁਤ ਸ਼ੁਕਰੀਆ ਸਰ ♥️🙏