ਕਵਿਤਰੀ- ਜਸ ਬੁੱਟਰ
ਕੋਈ ਘੁਟ ਰਿਹਾ ਸੀ
ਬੰਦ ਕਮਰੇ ਦੀ
ਚਾਰ ਦਿਵਾਰੀ ‘ਚ
ਕੋਈ ਫੁੱਟਪਾਥ ‘ਤੇ
ਸਕੂਨ ਨਾਲ ਸੌ ਗਿਆ
ਕੋਈ ਛੱਡ ਗਿਆ ਰੋਟੀ
ਮਨ ਚੰਗਾ ਨੀ ਕਹਿ ਕੇ
ਕੋਈ ਕੂੜੇ ਆਲੇ ਢੇਰ ਚੋਂ
ਰੋਟੀ ਲੱਭ ਕੇ ਖੁਸ਼ ਹੋ ਗਿਆ
ਜ਼ਿੰਦਗੀ ਤੋਂ ਨਿਰਾਸ਼ ਹੋ ਕੇ
ਕੋਈ ਝੂਲ ਗਿਆ
ਛੱਤ ਦੇ ਪੱਖੇ ਨਾਲ
ਕੋਈ ਭੁੱਖੇ ਢਿੱਡ
ਸੜਕ ਕਿਨਾਰੇ ਬੈਠਾ
ਸਾਹਾਂ ਦੇ ਕੌੜੇ ਘੁੱਟ ਪੀ ਗਿਆ
ਉੱਚੇ ਉੱਚੇ ਵਿਦਿਆਲੇ
ਅਦਬ ਆਦਰ ਨਾ
ਸਿਖਾ ਸਕੇ ਕਿਸੇ ਨੂੰ
ਕੋਈ ਰਾਹਾਂ ਦੀ ਧੂੜ ਤੋਂ
ਸਬਕ ਜ਼ਿੰਦਗੀ ਦੇ ਲੈ ਗਿਆ
ਕਿਸੇ ਨੇ ਇੱਕ ਸਿਗਰਟ ਉੱਤੇ
ਨੋਟ ਜਲਾਏ ਹਜ਼ਾਰਾਂ ਦੇ
ਕਿਸੇ ਦਾ ਇੱਕ ਰੁਪੀਏ ਪਿੱਛੇ
ਹੱਡ ਹੱਡ ਸਿੱਕਦਾ ਰਹਿ ਗਿਆ।