ਕਵੀ- ਕਿਰਨਪ੍ਰੀਤ ਸਿੰਘ (ਮੋ. 99156-01849)
ਕਿਸਾਨ ਦੇ ਹੱਥ
ਪਾਟੇ ਮੈਲੇ ਕਾਲੇ
ਲਹੂ ਨਾਲ ਲਿਬੜੇ
ਜੇ ਦਿਖਦੇ ਨੇ ਸਖਤ
ਬਹੁਤ ਕੋਮਲ ਹੁੰਦੇ ਨੇ
ਬੀਜ ਫੜਦੇ ਇਸ ਤਰਾਂ
ਜਿਓ ਕੋਈ ਦਾਨਿਸ਼ਵਰ
ਫੜਦਾ ਹੈ ਕਲਮ
ਲਿਖਦਾ ਹੈ ਦਰਸ਼ਨ
ਕਵਿਤਾ ਗਜ਼ਲ ਨਜ਼ਮ
ਦਾਈ ਰੱਖਦੀ ਏ
ਮਾਂ ਦੀ ਗੋਦ ਵਿਚ
ਨਵਾ ਜਨਮਿਆ ਬਾਲ
ਧਰਤੀ ਦੀ ਗੋਦ
ਕੁਦਰਤ ਦੀ ਓਟ
ਰੱਖਦੇ ਨੇ ਬੀਜ
ਕੁਝ ਇਸ ਤਰਾਂ
ਅੱਮੀ ਨਵਾਉਂਦੀ ਏ ਕੇਸ
ਗੁੰਦਦੀ ਏ ਵਾਲ
ਕਰਦੀ ਏ ਜੂੜਾ
ਅੰਮੀ ਦੇ ਹੱਥ
ਕੇਸਾਂ ਵਿਚ ਘੁੰਮਦੇ
ਚੰਗੇ ਲੱਗਦੇ ਨੇ
ਵਾਹੁੰਦੇ ਨੇ ਹੱਲ
ਬੀਜਣ ਡਏ ਬੀਜ
ਵੱਢਣ ਡਏ ਫਸਲ
ਵੰਡਣ ਡਏ ਰੋਟੀ
ਦਾਤੇ ਦੇ ਹੱਥ
ਫ਼ਸਲਾਂ ਵਿੱਚ ਘੁੰਮਦੇ
ਕੁਝ ਇਸ ਤਰਾਂ
ਕਿਸਾਨ ਦੇ ਹੱਥ
ਪਾਟੇ ਮੈਲੇ ਕਾਲੇ
ਬੀਜਦੇ ਨੇ ਫੁੱਲ
ਵੰਡਦੇ ਮਕਰੰਦ
ਬਹੁਤ ਸੋਹਣੇ ਲੱਗਦੇ…