ਲੇਖਕ:-ਲਖਵਿੰਦਰ ਸਿੰਘ ਬਾਜਵਾ
ਝੂਠ ਸਵਾਰਥ ਅੰਦਰ ਸਾਰਾ, ਉਲਝ ਗਿਆ ਸੰਸਾਰ ਓ ਯਾਰ।
ਹਰ ਬੰਦਾ ਹੀ ਪਿਆ ਨਿਭਾਉਂਦਾ, ਹੈ ਦੋਹਰਾ ਕਿਰਦਾਰ ਓ ਯਾਰ।
ਦੂਜੇ ਘਰ ਦੀ ਇੱਜ਼ਤ ਖਾਤਰ, ਹੋਰ ਮਾਪਦੰਡ ਵਰਤ ਰਿਹੈ ਹੈ,
ਆਪਣੇ ਵਾਰੀ ਅਸਲੀ ਐਨਕ, ਲੈਂਦੇ ਫੇਰ ਉਤਾਰ ਓ ਯਾਰ।
ਮੇਰੀ ਧੀ ਹੀ ਧੀ ਹੈ ਲੋਕੋ, ਹੋਰ ਸਭਸ ਦੀਆਂ ਹੀਰਾਂ ਨੇ,
ਲਾਲਾਂ ਸੁੱਟਣ ਬਹਿ ਜਾਂਦੈ ਝੱਟ, ਵੇਖ ਬੇਗਾਨੀ ਨਾਰ ਓ ਯਾਰ।
ਚੁੱਪ ਚੁਪੀਤੇ ਦਫ਼ਤਰ ਅੰਦਰ, ਭੇਟਾ ਦੇਂਦਾ ਲੈਂਦੈ ਹੈ,
ਰਿਸ਼ਵਤ ਮਹਾਂ ਕਲੰਕ ਆਖ ਕੇ, ਜੋ ਕਰਦੈ ਪ੍ਰਚਾਰ ਓ ਯਾਰ।
ਕਾਮ ਕਰੋਧ ਕਾਇਆ ਕੋ ਗਾਲੇ, ਪੜ੍ਹ ਤੜਕੇ ਗੁਰਬਾਣੀ ਨੂੰ,
ਰਾਤੀਂ ਜਿਸਮ ਖਰੀਦਣ ਜਾਂਦੈ, ਫਿਰ ਉਹ ਲਾਲ ਬਜ਼ਾਰ ਓ ਯਾਰ।
ਮੰਦਰ ਦੀਆਂ ਬਰੂਹਾਂ ਅੱਗੇ, ਧਰ ਆਉਂਦੈ ਸਭ ਲਾਹ ਕੇ ਉਹ,
ਨੈਤਿਕਤਾ ਦਾ ਓਢ ਲਬਾਦਾ, ਜੋ ਕਰਦੈ ਪ੍ਰਚਾਰ ਓ ਯਾਰ।
ਉਂਝ ਆਖਦੈ ਰੱਬ ਵੇਖਦੈ, ਹਰ ਬੰਦੇ ਦੀ ਕਰਨੀ ਨੂੰ,
ਐਪਰ ਰੱਬ ਦੇ ਘਰ ਵਿੱਚ ਬਹਿ ਕੇ, ਕਰੇ ਸ਼ੈਤਾਨੀ ਕਾਰ ਓ ਯਾਰ।
ਆਪਣੇ ਐਬ ਲੁਕਾਵੇ ਹਰ ਦਮ, ਤੇ ਦੂਜੇ ਦੇ ਭੰਡਦਾ ਜੋ,
ਆਖੇ ਧਰਤੀ ਝੱਲ ਨਾ ਸੱਕਦੀ, ਹੁਣ ਪਾਪਾਂ ਦਾ ਭਾਰ ਓ ਯਾਰ।
ਪਹਿਨ ਲਬਾਦਾ ਧਰਮ ਕਰਮ ਦਾ, ਲਾਵੇ ਬਗਲ ਸਮਾਧੀ ਨੂੰ,
ਹੱਕ ਪਰਾਇਆ ਮੈਲੀ ਬਿਰਤੀ, ਨਿੱਤ ਖਾਵੇ ਮੁਰਦਾਰ ਓ ਯਾਰ।
ਵੇਖ ਬਾਜਵਾ ਉਹਨੇ ਕਿੰਨੇ, ਸਾਂਭ ਮੁਖੌਟੇ ਰੱਖੇ ਨੇ,
ਜਿਹੜੀ ਮਹਿਫ਼ਲ ਦੇ ਵਿੱਚ ਜਾਵੇ, ਰੂਪ ਲਵੇ ਉਹ ਧਾਰ ਓ ਯਾਰ।
ਸੰਪਰਕ:-97296-08492, 94167-34506