ਅਰਤਿੰਦਰ ਸੰਧੂ ਦੀ ‘ਬਿਸਾਤ’ ‘ਤੇ ਥਿਰਕਦੀਆਂ ਕਾਵਿ ਗੋਟੀਆਂ
ਲੇਖਿਕਾ:-ਅਰਤਿੰਦਰ ਸੰਧੂ
ਸਮੀਖਿਅਕ:- ਰਵਿੰਦਰ ਸਿੰਘ ਸੋਢੀ
ਅਰਤਿੰਦਰ ਸੰਧੂ ਪੰਜਾਬੀ ਕਾਵਿ ਜਗਤ ਦੀ ਚਰਚਿਤ ਹਸਤਾਖਰ ਹੈ। ਕਵਿਤਾ ਤੋਂ ਇਲਾਵਾ ਉਹ ਵਾਰਤਕ, ਅਨੁਵਾਦ ਅਤੇ ਸੰਪਾਦਨ ਦੇ ਖੇਤਰ ਵਿਚ ਵੀ ਵਿਸ਼ੇਸ਼ ਮੁਕਾਮ ਰੱਖਦੀ ਹੈ। ਸਰੋਦੀ ਕਾਵਿ ਅਤੇ ਖੁੱਲ੍ਹੀ ਕਵਿਤਾ ਦੋਹਾਂ ਖੇਤਰਾਂ ਵਿਚ ਉਸਦੀ ਮੁਹਾਰਤ ਹੈ। ਹੁਣ ਤੱਕ ਉਸਦੇ 13 ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ। ‘ਬਿਸਾਤ’ ਉਸਦਾ 14 ਵਾਂ ਸੰਗ੍ਰਿਹ ਹੈ, ਜਿਸ ਵਿਚ 44 ਕਵਿਤਾਵਾਂ ਹਨ। ਅਰਤਿੰਦਰ ਨੇ ਆਪਣੀ ਪੁਸਤਕ ਦਾ ਨਾਮਕਰਨ ‘ਬਿਸਾਤ’ ਕੀਤਾ ਹੈ, ਇਸ ਲਈ ਉਸਦੀ ਇਸ ਕਿਤਾਬ ਵਿਚ ਦਰਜ਼ ਰਚਨਾਵਾਂ ਨੂੰ ਮੈਂ ਕਵਿਤਾਵਾਂ ਦੀ ਥਾਂ ਬਿਸਾਤ ‘ਤੇ ਫੈਲੀਆਂ ਰੰਗ ਬਰੰਗੀਆਂ ਗੋਟੀਆਂ ਕਹਾਂਗਾ। ਸ਼ਤਰੰਜ ਵਿਚ ਤਾਂ ਕਾਲੀਆਂ-ਚਿੱਟੀਆਂ ਦੋ ਰੰਗੀਆਂ ਗੋਟੀਆਂ ਹੀ ਹੁੰਦੀਆਂ ਹਨ ਜੋ ਇਕ ਦੂਜੇ ਦੀ ਕੱਟ-ਕਟਾਈ ਵੱਲ ਜਿਆਦਾ ਧਿਆਨ ਦਿੰਦੀਆਂ ਸ਼ਹਿ ਅਤੇ ਮਾਤ ਦੇ ਚੱਕਰਾਂ ਵਿਚ ਰਹਿੰਦੀਆਂ ਹਨ, ਪਰ ਇਹ ਕਾਵਿ ਰੂਪੀ ਗੋਟੀਆਂ ਇਕ ਦੂਜੇ ਦੇ ਹੱਥ ਪਕੜ, ‘ਬਿਸਾਤ’ ਦੇ ਪੰਨਿਆਂ ‘ਤੇ ਇਕ ਲੈ ਵਿਚ ਕਦਮ ਤਾਲ ਕਰਦੀਆਂ ਸੰਗੀਤਕ ਮਾਹੌਲ ਸਿਰਜਦੀਆਂ ਹਨ। ਇਹਨਾਂ ਗੋਟੀਆਂ ਵਿਚ ਪਿਆਦੇ (ਸ਼ਤਰੰਜ ਦੀ ਖੇਡ ਵਿਚ ਛੋਟੀਆਂ ਗੋਟੀਆਂ)ਤਾਂ ਘੱਟ ਹੀ ਹਨ, ਰਾਜੇ- ਵਜ਼ੀਰਾਂ ਦੀ ਭਰਮਾਰ ਹੈ ਭਾਵ ਸਾਰੀਆਂ ਹੀ ਕਵਿਤਾਵਾਂ ਉੱਚ ਕੋਟੀ ਦੀਆਂ ਹਨ।
ਪੁਸਤਕ ਦੀ ਪ੍ਰਵੇਸ਼ਿਕਾ ਵਿਚ ਕਵਿਤਰੀ ਨੇ ਲਿਖਿਆ ਹੈ “ਇਕ ਬਿਸਾਤ ਹਰ ਵਕਤ ਮਨੁੱਖ ਦੇ ਸਾਹਮਣੇ ਵਿਛੀ ਰਹਿੰਦੀ ਹੈ। ਉਹ ਕਿਸੇ ਚੌਪੜ ਜਾਂ ਸ਼ਤਰੰਜ ਵਰਗੀ ਖੇਡ ਦੀ ਬਿਸਾਤ ਨਹੀਂ ਸਗੋਂ ਸਮੇਂ ਵੱਲੋਂ ਸਾਡੇ ਸਾਹਮਣੇ ਹਰ ਪਲ ਵਿਛਾਈ ਜਾ ਰਹੀ ਬਿਸਾਤ ਹੈ?” ਇਹ ਅਸਲ ਵਿਚ ਮਨੁੱਖੀ ਮਨੋਵਿਗਿਆਨ ਦਾ ਦੁਨਿਆਵੀ ਪਸਾਰਾ ਹੈ। ਅਰਤਿੰਦਰ ਇਸ ਨੂੰ ‘ਇਕ ਪਰਤੀ’ ਨਹੀਂ ਮੰਨਦੀ, ਸਗੋਂ ‘ਬਹੁ-ਪਰਤੀ ਅਤੇ ਬਹੁ-ਦਿਸ਼ਾਵੀ’ ਮੰਨਦੀ ਹੈ। ਸੰਖੇਪ ਭੂਮਿਕਾ ਵਿਚ ਸੁਹਿਰਦ ਲੇਖਕਾ ਨੇ ‘ਸੱਤਾ’ ਦੇ ਪਰੰਪਰਕ ਰੂਪਾਂ’ ਦੀ ਵੀ ਗੱਲ ਕੀਤੀ ਹੈ। ਵਿਚਾਰ ਅਧੀਨ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਦੇ ਅਧਿਐਨ ਉਪਰੰਤ ਇਹ ਗੱਲ ਸੱਚੀ ਵੀ ਲੱਗਦੀ ਹੈ।
‘ਬਸਾਤ’ ਦੀਆਂ ਬਹੁਤੀਆਂ ਕਵਿਤਾਵਾਂ ਬਹੁ-ਪਰਤੀ ਹਨ। ਕਵਿਤਾਵਾਂ ਇਸ ਲਈ ਪ੍ਰਭਾਵਿਤ ਕਰਦੀਆਂ ਹਨ ਕਿ ਪ੍ਰਗਟਾਏ ਜਾ ਰਹੇ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਨੂੰ ਇਕ ਹੀ ਕਵਿਤਾ ਵਿਚ ਸਮੇਟ ਦਿੱਤਾ ਹੈ, ਜਿਸ ਨਾਲ ਪਾਠਕ ਕਵਿਤਾ ਪੜ੍ਹਦੇ-ਪੜ੍ਹਦੇ ਹੀ ਉਸ ਨਾਲ ਇਕ ਸੁਰ ਹੋ ਜਾਂਦੇ ਹਨ। ਉਦਾਹਰਣ ਦੇ ਤੌਰ ਤੇ ਪਹਿਲੀ ਕਵਿਤਾ ‘ਪੁਲ’ ਦੀ ਗੱਲ ਕਰਦੇ ਹਾਂ। ਇਸ ਵਿਚ ਪਰਵਾਸੀ ਹੋਏ ਵਿਅਕਤੀ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕੀਤਾ ਹੈ। ਜਿਵੇਂ ਵਿਦੇਸ਼ ਵਿਚ ਰਹਿੰਦੇ ਹੋਏ ਵੀ ਆਪਣੇ ਕੱਪੜੇ ਮੰਗਵਾਉਣੇ, ਦੇਸ ਫੇਰੀ ਸਮੇਂ ਦੇਸੀ ਖਾਣੇ ਦੀ ਮੰਗ ਕਰਨਾ, ਗੁਰਦਵਾਰੇ ਜਾਣ ਲਈ ਕੁੜਤੇ-ਪਜਾਮੇ ਮੰਗਵਾਉਣੇ। ਜਿਹੜੇ ਪਾਠਕ ਇਸ ਅਵਸਥਾ ਵਿਚੋਂ ਲੰਘੇ ਹਨ ਜਾਂ ਜਿੰਨਾਂ ਪਰਿਵਾਰਾਂ ਨਾਲ ਇਸ ਤਰਾਂ ਵਾਪਰਿਆ ਹੈ, ਉਹਨਾਂ ਲਈ ਅਜਿਹੀ ਕਵਿਤਾ ਨਿਰਸੰਦੇਹ ਭਾਵੁਕ ਕਰਨ ਵਾਲੀ ਹੈ, ਕਿਉਂ ਜੋ ਇਹ ਮੇਰੇ ਲਈ ਜਗ ਬਿਤੀ ਨਹੀਂ ਸਗੋਂ ਆਪ ਬਿਤੀ ਹੈ। ‘ਕਰਮ ਵਿਕਾਸ’ ਕਵਿਤਾ ਵਿਚ ਮਨੁੱਖੀ ਵਿਕਾਸ ਦੇ ਅੱਡ-ਅੱਡ ਪੜਾਵਾਂ ਨੂੰ ਪੇਸ਼ ਕੀਤਾ ਹੈ। ਭਾਵੇਂ ਇਹ ਵਿਸ਼ਾ ਵਿਗਿਆਨ ਨਾਲ ਸੰਬੰਧਿਤ ਹੈ, ਪਰ ਇਸ ਨੂੰ ਸਾਹਿਤਕ ਰੰਗਣ ਵਿਚ ਪੇਸ਼ ਕੀਤਾ ਗਿਆ ਹੈ। ‘ਪਸ਼ਮੀਨਾ’ ਕਵਿਤਾ ਵਿਚ ਪਸ਼ਮੀਨੇ ਦੀਆਂ ਸ਼ਾਲਾਂ ਲਈ ਗਰਭਵਤੀ ਭੇਡਾਂ, ਬਕਰੀਆਂ ‘ਤੇ ਕੀਤੇ ਅਤਿਆਚਾਰ ਦੀ ਗੱਲ ਕਰ ਕੇ ਵਰਤਮਾਨ ਸਮੇਂ ਦੇ ਰਾਜਸੀ ਨੇਤਾਵਾਂ ਨਾਲ ਜੋੜਦੀ ਹੋਈ ਅਰਤਿੰਦਰ ਲਿਖਦੀ ਹੈ:
ਤਿਆਰ ਹੋ ਰਿਹਾ ਵਿਵਸਥਾ ਦਾ
ਵਿਵਸਥਾ ਰਾਹੀਂ
ਵਿਵਸਥਾ ਵਾਸਤੇ
ਰਾਜਸੀ ਪਸ਼ਮੀਨਾ
…ਨਿਰੰਤਰ…!
ਇਹ ਕਵਿਤਾ ਪਾਠਕਾਂ ਨੂੰ ਹਲੂਣਾ ਦੇਣ ਵਾਲੀ ਵੀ ਹੈ ਅਤੇ ਅਜੋਕੇ ਦੌਰ ਵਿਚ ਲੋਕ-ਰਾਜ ਦੇ ਬਦਲ ਰਹੇ ਮੁਹਾਂਦਰੇ ‘ਤੇ ਵਿਅੰਗ ਵੀ ਕਰਦੀ ਹੈ। ‘ਜਾਮਨੂੰ’ ਕਵਿਤਾ ਵਿਚ ਵੀ ਸਿਆਸਤ ਨੂੰ ਜਾਮਨੂੰ ਰੂਪੀ ਲੋਕਾਂ ਤੇ ਭੁਕਿਆ ਜਾਣ ਵਾਲਾ ਲੂਣ, ਸਿਆਸਤ ਦੇ ਹੱਥ ਹੋਣ ਦੀ ਗੱਲ ਕੀਤੀ ਹੈ । ‘ਹੁਕਮਰਾਨ’ ਕਵਿਤਾ ਵਿਚ ਵੀ ‘ਸਭ ਤੋਂ ਵੱਡੀ ਭੁੱਖ ਹੁਕਮਰਾਨ ਦੀ ਦੱਸੀ ਗਈ ਹੈ। ‘ਅਸੀਂ ਆਮ ਲੋਕ’ ਵੀ ਇਸੇ ਸ੍ਰੇਣੀ ਦੀ ਕਵਿਤਾ ਹੈ।
‘ਵੈਸਲੀਨ’ ਵਰਗੀ ਨਿਗੂਣੀ ਜਿਹੀ ਚੀਜ਼ ਨੂੰ ਅਧਾਰ ਬਣਾ ਕੇ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਪਾੜੇ ਨੂੰ ਬਾ-ਖੂਬੀ ਪੇਸ਼ ਕੀਤਾ ਹੈ। ਇਸੇ ਤਰਾਂ ‘ਅਸੀਂ ਘਾਹ ਹੁੰਦੇ ਹਾਂ’ ਅਤੇ ‘ਨਹੁੰ’ ਵਰਗੀਆਂ ਕਵਿਤਾਵਾਂ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਅਧਾਰ ਬਣਾ ਕੇ ਲਿਖੀਆਂ ਕਵਿਤਾਵਾਂ ਰਾਹੀਂ ਵੱਡੇ ਸੁਨੇਹੇ ਦਿੱਤੇ ਹਨ।
ਅਰਤਿੰਦਰ ਸੰਧੂ ਦੀਆਂ ਕਵਿਤਾਵਾਂ ਪਾਠਕਾਂ ਨੂੰ ਇਸ ਲਈ ਵੀ ਪ੍ਰਭਾਵਿਤ ਕਰਦੀਆਂ ਹਨ ਕਿ ਕੁਝ ਗੱਲਾਂ ਦੀ ਆਪਣੇ ਢੰਗ ਨਾਲ ਹੀ ਪੁਨਰ ਵਿਆਖਿਆ ਕਰਦੀ ਹੈ। ‘ਡੈੱਡ ਲੈਟਰਜ਼ ਆਫ਼ਿਸ’ ਵਿਚ ਪੁਰਾਣੇ ਸਮੇਂ ਵਿਚ ਚਿੱਠੀਆਂ ਦੀ ਮਹੱਤਤਾ ਦੇ ਨਾਲ-ਨਾਲ ‘ਡੈਡ ਲੈਟਰਜ਼’(ਜਿੰਨਾਂ ਚਿੱਠੀਆਂ ‘ਤੇ ਪਤਾ ਠੀਕ ਨਹੀਂ ਸੀ ਹੁੰਦਾ, ਉਹਨਾਂ ਨੂੰ ਡਾਕ ਖ਼ਾਨਿਆਂ ਦੇ ਡੈਡ ਲੈਟਰਜ਼ ਵਿਭਾਗ ਵਿਚ ਭੇਜ ਦਿੱਤਾ ਜਾਂਦਾ ਸੀ। ਉਹ ਵਿਭਾਗ ਚਿੱਠੀ ਪੜ੍ਹ ਕੇ ਜਾਂ ਹੋਰ ਕਿਸੇ ਢੰਗ ਨਾਲ ਸਹੀ ਪਤੇ ਤੇ ਭੇਜਣ ਦੀ ਕੋਸ਼ਿਸ਼ ਕਰਦਾ ਸੀ) ਇਸ ਕਵਿਤਾ ਵਿਚ ਅਜਿਹੀਆਂ ਚਿੱਠੀਆਂ ਦੀ ਤੁਲਨਾ ਵਿਆਹ ਤੋਂ ਬਾਅਦ ਸਹੁਰੇ ਘਰ ਵੱਲੋਂ ਕੱਢੀਆਂ ਨੂੰਹਾਂ ਦਾ ਪੇਕੇ ਘਰ ਵਾਪਿਸ ਮੁੜਨ ਨਾਲ ਕਰਦੇ ਲਿਖਿਆ ਹੈ:
ਇਹ ਤਾਂ ਵਾਪਸ ਮੁੜੀਆਂ
ਕਿਸੇ ਕਾਰਨ ਸਹੁਰਿਆਂ ਤੋਂ
ਬੇਦਖ਼ਲ ਹੋਈ ਧੀ ਵਾਂਗ।
ਇਸ ਕਵਿਤਾ ਵਿਚ ਅੱਜ ਦੇ ਯੁਗ ਵਿਚ ਇੰਟਰ ਨੈੱਟ ਵੱਲੋਂ ਚਿੱਠੀਆਂ ਨੂੰ ਖਤਮ ਕਰਨ ਦੇ ਨਾਲ-ਨਾਲ ਚਿੱਠੀਆਂ ਵਿਚ ਬੰਦ ਪਿਆਰ, ਰੋਸੇ, ਉਲ੍ਹਾਮਿਆਂ ਦਾ ਵੀ ਜ਼ਿਕਰ ਕੀਤਾ ਹੈ। ‘ਨਵਾਂ ਦੇਵਤਾ’ ਵਿਚ ਵਰਤਮਾਨ ਸਮੇਂ ਦੇ ਵਿਕਸਤ ਹੋਏ ‘ਮੰਡੀ ਸਭਿਆਚਾਰ’ ਦੀ ਗੱਲ ਵੀ ਕਲਾਮਈ ਢੰਗ ਨਾਲ ਕੀਤੀ ਗਈ ਹੈ। ‘ਲਾਲ ਦੁਪੱਟਾ ਮਲਮਲ ਦਾ ’ ਵਿਚ ਪੁਰਾਣੀ ਹਿੰਦੀ ਫਿਲਮ ਦੇ ਪ੍ਰਸਿੱਧ ਗੀਤ ਦੀ ਗੱਲ ਕਰਦੇ ਹੋਏ ਅਜੋਕੀ ‘ਸੱਤਾ ਪਰੰਪਰਾ ਦੀਆਂ ਤਾਨਾਸ਼ਾਹੀ ਰੁਚੀਆਂ’ ‘ਤੇ ਕਟਾਖ਼ਸ਼ ਕੀਤਾ ਹੈ ਕਿ ਉਹ ਆਪਣੀ ਤਾਕਤ ਦੀ ਕੁੰਡੀ ਨਾਲ ਲਾਲ ਦੁਪੱਟੇ ਦੀ ਉੱਡਣ ਸਮਰਥਾ ਨੂੰ ਆਪਣੇ ਕਾਬੂ ਵਿਚ ਰੱਖਦੀਆਂ ਹਨ, ਭਾਵ ਆਮ ਲੋਕਾਂ ਦੀ ਸੋਚ ਨੂੰ ਕਾਬੂ ਕਰਨਾ। ‘ਕੰਡੇ’ ਕਵਿਤਾ ਵਿਚ ਕੰਡਿਆਂ ਵਰਗੀ ਮਾਮੂਲੀ ਚੀਜ਼ ਨੂੰ ਵੀ ‘ਤਪੱਸਵੀ’ ਬਣਾ ਦਿੱਤਾ ਹੈ। ਕਵਿਤਾ ਦੀਆਂ ਆਖਰੀ ਸਤਰਾਂ ਵਿਚ ਫੁੱਲਾਂ ਅਤੇ ਕੰਡਿਆਂ ਨੂੰ ‘ਇਕ ਹੀ ਟਾਹਣੀ ਤੇ ਪੁੰਗਰਨ ਵਾਲੇ ਜੌੜੇ ਭਰਾ’ ਦੱਸਿਆ ਹੈ। ‘ਲਾਲ ਰੰਗ’ ਕਵਿਤਾ ਵਿਚ ਮਜ਼ਦੂਰਾਂ ਦੇ ਝੰਡੇ ਦੇ ਲਾਲ ਰੰਗ ਨੂੰ ਜੀਵਾਂ ਦੇ ਲਹੂ ਦੇ ਰੰਗ ਨਾਲ ਜੋੜਿਆ ਹੈ।
ਅਰਤਿੰਦਰ ਦੀ ਕਾਵਿ ਕਲਾ ਦਾ ਮੀਰੀ ਗੁਣ ਇਹ ਹੈ ਕਿ ਉਸ ਦੀਆਂ ਸੋਚਾਂ ਦੀ ਉਡਾਰੀ ਬਹੁਤ ਉੱਚੀ ਹੈ। ਉਹ ਕਈ ਗੱਲਾਂ ਨਵੇਂ ਨਜ਼ਰੀਏ ਤੋਂ ਪੇਸ਼ ਕਰਦੀ ਹੈ। ਇਸ ਦੀ ਸਭ ਤੋਂ ਵਧੀਆ ਉਦਾਹਰਣ ਹੈ ‘ਸਥਾਨ’ ਕਵਿਤਾ। ਇਸ ਕਵਿਤਾ ਵਿਚ ਵੱਖ-ਵੱਖ ਜੀਵਾਂ ਵਿਚ ‘ਨਰ’ ਅਤੇ ‘ਮਾਦਾ’ ਹੋਣ ਸੰਬੰਧੀ ਚਰਚਾ ਕੀਤੀ ਹੈ। ਗ੍ਰੰਥ ਨੂੰ ਨਰ ਅਤੇ ਪੋਥੀ ਨੂੰ ਮਾਦਾ; ਪਾਠ ਨੂੰ ਨਰ ਅਤੇ ਸ਼ਰਧਾ ਨੂੰ ਮਾਦਾ; ਚੰਦ ਨੂੰ ਨਰ ਅਤੇ ਚਾਨਣੀ ਨੂੰ ਮਾਦਾ; ਬੱਦਲ ਨਰ ਅਤੇ ਬਾਰਿਸ਼ ਮਾਦਾ; ਰੱਬ ਨੂੰ ਨਰ ਅਤੇ ਆਤਮਾ ਨੂੰ ਮਾਦਾ ਆਦਿ। ਜਦੋਂ ਉਹ ਲਿਖਦੀ ਹੈ:
ਜਣਨੀ ਔਰਤ ਵੀ ਸੀ
ਪਰ
ਸੇਵਾ ਮਾਦਾ ਤੇ ਨਰ ਮੇਵਾ
ਨਿਮਰਤਾ ਮਾਦਾ ਤੇ ਨਰ ਹੰਕਾਰ।
ਅਤੇ ਕਵਿਤਾ ਦੀਆਂ ਆਖਰੀ ਸਤਰਾਂ:
ਇਸ ਦਰਜਾਬੰਦੀ ਦੇ ਵਿਚ ਵਿਚਾਲੇ
ਮਿਥਿਆ ਗਿਆ
ਸਥਾਨ ਔਰਤ ਦਾ ਇੰਜ!
ਉਪੋਰਕਤ ਕਵਿਤਾ ਵਿਚ ‘ਨਿਮਰਤਾ ਮਾਦਾ ਤੇ ਨਰ ਹੰਕਾਰ’ ਸਤਰ ਰਾਹੀਂ ਭਾਰਤੀ ਸਮਾਜ ਵਿਚ ਮਰਦ ਅਤੇ ਔਰਤ ਦੇ ਆਪਣੇ-ਆਪਣੇ ਸਥਾਨ ਨੂੰ ਬੜੇ ਸਹਿਜ ਨਾਲ ਰੂਪਮਾਨ ਕਰ ਦਿੱਤਾ ਹੈ
ਪਾਠਕ, ਅਰਤਿੰਦਰ ਦੀ ਅਜਿਹੀ ਸੋਚ ਦੇ ਕਾਇਲ ਹੁੰਦੇ ਹਨ। ਸ਼ਾਇਦ ਅਜਿਹੀਆਂ ਲੀਕ ਤੋਂ ਹਟਵੀਂਆਂ ਕਵਿਤਾਵਾਂ ਕਰਕੇ ਹੀ ਅਰਤਿੰਦਰ ਸੰਧੂ ਆਪਣੇ ਸਮਕਾਲੀ ਕਵੀਆਂ ਨਾਲੋਂ ਕੁਝ ਕਦਮ ਅਗੇਰੇ ਹੈ।
ਸਿੱਖ ਇਤਿਹਾਸ ਸੰਬੰਧੀ ਵੀ ਦੋ ਕਵਿਤਾਵਾਂ ਹਨ। ‘ਡਰ’ ਕਵਿਤਾ ਵੀ ਨਵੇਂ ਨਜ਼ਰੀਏ ਤੋਂ ਲਿਖੀ ਕਵਿਤਾ ਹੈ, ਜਿਸ ਵਿਚ ਅਜ਼ਾਦੀ ਤੋਂ ਬਾਅਦ ਦੀਆਂ ਕੁਝ ਘਿਣਾਉਣੀਆਂ ਘਟਨਾਵਾਂ ਦਾ ਜ਼ਿਕਰ ਕਰ ਕੇ ਕੱਟੜ ਧਰਮ ਪੰਥੀਆਂ ਵੱਲੋਂ ਡਰ ਨੂੰ ਧਰਮ ਅਤੇ ਧਰਮ ਨੂੰ ਡਰ ਬਣਾਉਣ ਵਾਲੇ ਵਰਤਾਰੇ ‘ਤੇ ਚੋਟ ਕੀਤੀ ਹੈ।
ਮੇਰੇ ਵਿਚਾਰ ਅਨੁਸਾਰ ‘ਅਸੀਸਾਂ’ ਕਵਿਤਾ ਇਸ ਸੰਗ੍ਰਿਹ ਦੀਆਂ ਬਿਹਤਰੀਨ ਕਵਿਤਾਵਾਂ ਵਿਚੋਂ ਇਕ ਹੈ, ਜਿਸ ਵਿਚ ਸਾਡੇ ਸਮਾਜ ਵਿਚ ਬਜ਼ੁਰਗਾਂ ਵੱਲੋਂ ਕੁੜੀਆਂ ਅਤੇ ਮੁੰਡਿਆਂ ਨੂੰ ਦਿੱਤੀਆਂ ਜਾਂਦੀਆਂ ਅਸੀਸਾਂ ਵਿਚ ਵੀ ਅੰਤਰ ਹੁੰਦਾ ਹੈ। ਮੁੰਡਿਆਂ ਨੂੰ ‘ਜਿਉਂਦਾ ਰਹਿ’ ਦੀ ਅਸੀਸ ਦੇ ਮੁਕਾਬਲੇ ਕੁੜੀਆਂ ਨੂੰ ‘ਰਾਜੀ ਏ ਮਰਜਾਨੀਏ’ ਕਿਹਾ ਜਾਣਾ; ਮੰਡਿਆਂ ਨੂੰ ‘ਅਫ਼ਸਰ ਬਣਨ’ ਦੇ ਮੁਕਾਬਲੇ ਰੁੜੀ ਨੂੰ ‘ਘਰ ਦੇ ਕੰਮ’ ਕਰਨ ਬਾਰੇ ਪੁੱਛਿਆ ਜਾਣਾ; ਮੁੰਡੇ ਨੂੰ ‘ਮਾਪਿਆਂ ਦਾ ਨਾਂ ਰੌਸ਼ਨ ਕਰਨ’ ਲਈ ਕਿਹਾ ਜਾਂਦਾ ਤਾਂ ਕੁੜੀਆਂ ਨੂੰ ‘ਉਲਾਮਾਂ ਨਾ ਆਵੇ ਕੋਈ ਸਹੁਰਿਆਂ ਵੱਲੋਂ’ ਦੀ ਚਿਤਾਵਨੀ ਦਿੱਤੀ ਜਾਣੀ; ਮੁੰਡੇ ਨੂੰ ਵਹੁਟੀ ਕਾਬੂ ਕਰਨ ਦੀ ਪੱਟੀ ਪੜਾਉਣ ਦੇ ਉਲਟ ਕੁੜੀ ਨੂੰ ਚੰਗੇ-ਮਾੜੇ ਸਹੁਰਿਆਂ ਦੇ ਘਰ ਦਿਨ ਕੱਟਣ ਦੀ ਸੀਖ ਦਿੱਤੀ ਜਾਣੀ ਆਦਿ। ਮੁੰਡੇ ਭਾਵੇਂ ਅਸੀਸਾਂ ਦੇ ਬੋਲ ਪੁਗਾਉਂਦੇ ਜਾਂ ਨਾ ਪਰ ਕੁੜੀਆਂ “ਮਾਪਿਆਂ ਦੇ ਮੂੰਹ ਦੀ /ਕਲਪਿਤ ਕਾਲਖ ਉਹਲੇ / ਬੈਠੀਆਂ ਅਸੀਸਾਂ ਨਿਭਾਉਂਦੀਆਂ / ਨਿਭ ਜਾਂਦੀਆਂ ਰਹੀਆਂ।
ਪਰ ਕਿਤੇ-ਕਿਤੇ ਕੁਝ ਅਜਿਹੇ ਸ਼ਬਦ ਵਰਤੇ ਗਏ ਹਨ ਜਿੰਨਾਂ ਦੇ ਅਰਥ ਸ਼ਾਇਦ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਹੋਣ ਜਿਵੇਂ—ਹਰੀੜਾਂ(ਪੰਨਾ 16), ਸਰਾਬੋਰ(ਪੰਨਾ 17), ਤਰੰਗ ਲੰਬਾਈ(ਪੰਨਾ 27, ਹੋ ਸਕਦਾ ਹੈ ਕਿ ਇਹ ਵਿਗਿਆਨ ਦੇ ਵਿਸ਼ੇ ਦੇ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਰੂਪ ਹੋਵੇ) ਆਦਿ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ‘ਬਸਾਤ’ ਦੀਆਂ ਕਵਿਤਾਵਾਂ ਵਿਚ ਅਰਤਿੰਦਰ ਸੰਧੂ ਦੀਆਂ ਕਾਵਿ ਉਡਾਰੀਆਂ ਨੇ ਪੰਜਾਬੀ ਕਾਵਿ ਜਗਤ ਦੇ ਭਰਪੂਰ ਖ਼ਜ਼ਾਨੇ ਨੂੰ ਹੋਰ ਭਰਪੂਰਤਾ ਬਖਸ਼ੀ ਹੈ।
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ