ਦੁਨੀਆਂ ਦੇ ਰੰਗਮੰਚ ਉੱਤੇ ਕੁੱਝ ਐਸੇ ਵੀ ਕਿਰਦਾਰ ਹੁੰਦੇ ਨੇ
ਜੋ ਗੈਰਾਂ ਲਈ ਤਾਂ ਕੀ ਆਪਣਿਆਂ ਲਈ ਵੀ ਬੇਇਤਬਾਰ ਹੁੰਦੇ ਨੇ।
ਜੇਕਰ ਹੋਵੇ ਕੋਈ ਤਕਲੀਫ਼ ਸਰੀਰਾਂ ਤਾਂ ਇਲਾਜ਼ ਸੰਭਵ ਹੈ,
ਮੁਸ਼ਕਿਲ ਹੈ ਓਨਾ ਦਾ ਜੋ ਜ਼ਹਿਨੀ ਪੱਧਰ ‘ਤੇ ਬਿਮਾਰ ਹੁੰਦੇ ਨੇ।
ਮਹਿਜ਼ ਕਿਤਾਬਾਂ ‘ਚ ਪੜ੍ਹਿਐ ਰੂਹ ਤੋਂ ਰੂਹ ਤੱਕ ਇਸ਼ਕ ਹਕੀਕੀ,
ਹਕੀਕਤ ਵਿੱਚ ਤਾਂ ਜਿਸਮ ਤੋਂ ਜਿਸਮ ਤੱਕ ਦੇ ਰੋਜ਼ ਵਪਾਰ ਹੁੰਦੇ ਨੇ।
ਪੈ ਜਾਵੇ ਜਿਸ ਮਿਰਗ ਨੂੰ ਜਿਸਮ-ਥਲਾਂ ਦੀ ਭਟਕਣ ਚੰਦਰੀ,
ਉਸਦੀ ਤ੍ਰੇਹ ਲਈ ਕਦ ਲੇਖਾ ਵਿੱਚ ਨਦੀਆਂ ਦੇ ਮੰਝਧਾਰ ਹੁੰਦੇ ਨੇ।
ਛੱਡ ਬਰਾੜਾ ਆਸ ਕੀ ਰੱਖਣੀ ਮੱਸਿਆ ਕੋਲੋਂ ਚਾਨਣ ਛਿੱਟ ਦੀ,
ਕਦੇ ਨਾ ਮੱਸਿਆ-ਪੁੰਨਿਆ ਦੇ ਬਹਿ ‘ਕੱਠਿਆਂ ਇਕਰਾਰ ਹੁੰਦੇ ਨੇ।