International Punjabi Peer Reviewed/ Refereed Literary and Research Journal (ISSN:-2584-0509)

ਅਨੁਵਾਦ ਕਲਾ ਦੀ ਬਿਹਤਰੀਨ ਪੇਸ਼ਕਾਰੀ : ਮਾਲਵਾ (ਰੂਸੀ ਨਾਵਲ)

ਮੂਲ ਲੇਖਕ-ਮੈਕਸਿਮ ਗੋਰਕੀ

ਅਨੁਵਾਦਕ-ਪ੍ਰੋ. ਨਵ ਸੰਗੀਤ ਸਿੰਘ

ਸਮੀਖਿਅਕ-ਰਵਿੰਦਰ ਸਿੰਘ ਸੋਢੀ

   ਵਰਤਮਾਨ ਸਮੇਂ ਵਿਚ ਪੰਜਾਬੀ ਸਾਹਿਤ ਦੀ ਇਕ ਅਜਿਹੀ ਨਾਮਵਰ ਸਖ਼ਸ਼ੀਅਤ ਹੈ ਪ੍ਰੋ. ਨਵ ਸੰਗੀਤ ਸਿੰਘ, ਜਿਸ ਦੀਆਂ ਮੌਲਿਕ ਅਤੇ ਅਨੁਵਾਦ ਕੀਤੀਆਂ ਰਚਨਾਵਾਂ ਰੋਜ਼ਾਨਾ ਹੀ ਦੇਸ-ਵਿਦੇਸ਼ ਦੇ ਨਾਮਵਰ ਅਖ਼ਬਾਰਾਂ, ਮੈਗਜ਼ੀਨ ਅਤੇ ਆਨਲਾਈਨ ਪੇਪਰਾਂ ਦਾ ਸ਼ਿੰਗਾਰ ਬਣਦੀਆਂ ਹਨ। ਕਈ ਲੇਖਕਾਂ ਨੂੰ ਸ਼ਿਕਾਇਤ ਹੀ ਰਹਿੰਦੀ ਹੈ ਕਿ ਪੰਜਾਬੀ ਅਖ਼ਬਾਰ ਜਾਂ ਮੈਗਜ਼ੀਨ ਉਹਨਾਂ ਦੀਆਂ ਰਚਨਾਵਾਂ ਨੂੰ ਗੌਲਦੇ ਹੀ ਨਹੀਂ, ਉਥੇ ਨਵ ਸੰਗੀਤ ਇਸ ਗੱਲ ਦਾ ਗਿਲਾ ਕਰਦਾ ਹੈ ਕਿ ਉਹ ਪੰਜਾਬੀ ਅਤੇ ਹਿੰਦੀ ਅਖ਼ਬਾਰਾਂ, ਮੈਗਜ਼ੀਨਾਂ ਵੱਲੋਂ ਰਚਨਾਵਾਂ ਭੇਜਣ ਦੀ ਲਗਾਤਾਰ ਮੰਗ ਨੂੰ ਪੂਰਾ ਨਹੀਂ ਕਰ ਸਕਦਾ।

   ਅੱਜ ਮੈਂ ਉਸ ਦੇ ਮੌਲਿਕ ਸਾਹਿਤ ਨਾਲੋਂ ਉਸ ਵੱਲੋਂ ਕੀਤੇ ਉੱਚ ਪਾਏ ਦੇ ਅਨੁਵਾਦਿਤ ਸਾਹਿਤ ਦੀ ਸੰਖੇਪ ਜਿਹੀ ਚਰਚਾ ਕਰ ਕੇ ਉਸ ਦੇ ਹਾਲ ਵਿਚ ਹੀ ਪ੍ਰਕਾਸ਼ਿਤ ਰੂਸੀ ਨਾਵਲ (ਲੇਖਕ ਮੈਕਸਿਮ ਗੋਰਕੀ) ‘ਮਾਲਵਾ’ ਸੰਬੰਧੀ ਜਾਣਕਾਰੀ ਸਾਂਝੀ ਕਰਾਂਗਾ।

   ਅਨੁਵਾਦ ਕਲਾ ਦੇ ਬਿਖੜੇ ਪੈਂਡੇ ‘ਤੇ ਉਸ ਨੇ ਪਹਿਲਾ ਕਦਮ 1986 ਵਿਚ ਰੱਖਿਆ, ਜਦੋਂ ‘ਪੰਖੜੀਆਂ’ ਮੈਗਜ਼ੀਨ ਨੇ ਉਸ ਦੀ ਪਹਿਲੀ ਅਨੁਵਾਦ ਕੀਤੀ ਕਹਾਣੀ ਪ੍ਰਕਾਸ਼ਿਤ ਕੀਤੀ। ਉਸ ਦੇ ਇਸ ਪਹਿਲੇ ਯਤਨ ਨੂੰ ਭਰਪੂਰ ਹੁੰਗਾਰਾ ਮਿਲਣ ਕਾਰਨ ਉਹ ਉਤਸ਼ਾਹਿਤ ਹੋਇਆ ਅਤੇ ਉਸ ਨੇ ਇਸ ਖੇਤਰ ਵਿਚ ਇਕ ਲੰਮੀ ਪਾਰੀ ਖੇਡਣ ਦਾ ਮਨ ਬਣਾ ਲਿਆ। 1989 ਵਿਚ ਉਸ ਦੀ ਪਹਿਲੀ ਅਨੁਵਾਦਿਤ ਪੁਸਤਕ ‘ਦੇਸ ਦੇਸ਼ਾਂਤਰ’ ਪਾਠਕਾਂ ਦੇ ਸਨਮੁੱਖ ਆਈ। ਇਹ ਇੱਕ ਕਹਾਣੀ ਸੰਗ੍ਰਹਿ ਸੀ, ਜਿਸ ਵਿਚ ਅੰਗਰੇਜ਼ੀ ਅਤੇ ਹਿੰਦੀ ਦੀਆਂ ਗਿਆਰਾਂ ਕਹਾਣੀਆਂ ਦਾ ਅਨੁਵਾਦ ਸੀ। ਇਸ ਅਨੁਵਾਦਿਤ ਪੁਸਤਕ ਨੂੰ ਪੰਜਾਬੀ ਦੇ ਕਈ ਪ੍ਰਸਿੱਧ ਆਲੋਚਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਪੰਜਾਬੀ ਟ੍ਰਿਬਿਊਨ ਦੇ ‘ਅੰਗ ਸੰਗ’ ਕਾਲਮ (ਸ਼ਾਮ ਸਿੰਘ) ਨੇ ਇਸ ਪੁਸਤਕ ‘ਤੇ ਤਫ਼ਸੀਲ ਵਿਚ ਚਰਚਾ ਕੀਤੀ। ਇਸ ਤੋਂ ਬਾਅਦ ਤਾਂ ਚੱਲ ਸੋ ਚੱਲ। ਹੁਣ ਤੱਕ ਉਹ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਵਿਚ 25 ਅਮੁੱਲ ਅਨੁਵਾਦਿਤ ਪੁਸਤਕਾਂ ਨਾਲ ਆਪਣਾ ਯੋਗਦਾਨ ਪਾ ਚੁੱਕਿਆ ਹੈ। ਉਸ ਨੇ ਜ਼ਿਆਦਾ ਬਾਲ ਪੁਸਤਕਾਂ ਦਾ ਅਨੁਵਾਦ ਕੀਤਾ ਹੈ। ਜੂਲ ਵਰਨ, ਸ਼ਰਵਾਂਟੀਜ਼, ਬੈਲੰਟਾਈਨ, ਹਰਮਨ ਮੈਲਵਿਲ ਵਰਗੇ ਵਿਦੇਸ਼ੀ ਲੇਖਕਾਂ ਦੇ ਨਾਲ-ਨਾਲ ਉਸ ਨੇ ਸਤਿਆਜੀਤ ਰੇਅ, ਆਬਿਦ ਸੂਰਤੀ, ਊਸ਼ਾ ਯਾਦਵ ਵਰਗੇ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਨੂੰ ਵੀ ਅਨੁਵਾਦ ਕੀਤਾ। ਪ੍ਰੋ. ਨਵ ਸੰਗੀਤ ਸਿੰਘ ਦੇ ਮੁਢਲੇ ਪੜਾਅ ਦੀਆਂ ਅਨੁਵਾਦ ਕੀਤੀਆਂ ਪੁਸਤਕਾਂ ਦਾ ਮਿਆਰ ਦੇਖ ਕੇ ਪੰਜਾਬੀ ਦੇ ਕੁਝ ਪ੍ਰਕਾਸ਼ਕਾਂ ਨੇ ਉਸ ਤੋਂ ਵਿਸ਼ੇਸ਼ ਤੌਰ ‘ਤੇ ਮੈਕਿਸਮ ਗੋਰਕੀ, ਸਦਰੁਦੀਨ ਐਨੀ, ਕ੍ਰਿਸ਼ਨ ਚੰਦਰ ਅਤੇ ਅਬਦੁਲ ਬਿਸਮਿੱਲਾਹ ਦੇ ਨਾਵਲਾਂ ਦੇ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕੀਤੇ। ਨਵ ਸੰਗੀਤ ਇੱਕ ਅਜਿਹਾ ਸੁਹਿਰਦ ਅਨੁਵਾਦਕ ਹੈ ਕਿ ਜੇ ਉਸ ਨੂੰ ਹਿੰਦੀ ਜਾਂ ਅੰਗਰੇਜ਼ੀ ਦੀ ਕੋਈ ਕਹਾਣੀ ਜਾਂ ਕਵਿਤਾ ਪਸੰਦ ਆ ਜਾਵੇ ਤਾਂ ਉਹ ਆਪ ਹੀ ਉਸਦਾ ਅਨੁਵਾਦ ਕਰ ਕੇ ਛਪਵਾ ਦਿੰਦਾ ਹੈ। ਉਸ ਨੇ ਪੰਜਾਬੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਦਾ ਹਿੰਦੀ ਵਿਚ ਵੀ ਅਨੁਵਾਦ ਕੀਤਾ ਹੈ, ਜੋ ਹਿੰਦੀ ਦੇ ਰਾਸ਼ਟਰੀ ਪੱਧਰ ਦੇ ਪਰਚਿਆਂ ਦਾ ਸ਼ਿੰਗਾਰ ਬਣੀਆਂ  ਹਨ। ਅਨੁਵਾਦ ਤੋਂ ਇਲਾਵਾ ਉਸ ਨੇ ਇਕ ਪੁਸਤਕ (ਹਿੰਦੀ ਕਵੀ ਦੁਸ਼ਿਅੰਤ ਕੁਮਾਰ ਦੀ ਕਾਵਿ ਪੁਸਤਕ ‘ਸਾਏ ਮੇਂ ਧੂਪ) ਦਾ ਪੰਜਾਬੀ ਵਿਚ ਲਿਪੀਅੰਤਰ ਵੀ ਕੀਤਾ ਹੈ, ਜੋ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ (ਬਠਿੰਡਾ) ਦੇ ਪਾਠਕ੍ਰਮ ਵਿਚ ਲੱਗੀ ਹੋਈ ਹੈ। ਉਸ ਦੀਆਂ ਦੋ ਅਨੁਵਾਦ ਕੀਤੀਆਂ ਕਿਤਾਬਾਂ ਨੈਸ਼ਨਲ ਬੁੱਕ ਟ੍ਰਸਟ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

   ਹੁਣ ਕੁਝ ਚਰਚਾ ਉਸ ਦੁਆਰਾ ਪ੍ਰਸਿੱਧ ਰੂਸੀ ਲੇਖਕ ਮੈਕਸਿਮ  ਗੋਰਕੀ ਦੇ ਨਾਵਲ ‘ਮਾਲਵਾ’ ਦੇ ਪੰਜਾਬੀ ਅਨੁਵਾਦ ਸੰਬੰਧੀ। ਇਹ ਨਾਵਲ ਗੋਰਕੀ ਦੇ ਦੂਜੇ ਨਾਵਲਾਂ ਨਾਲੋਂ ਕੁਝ ਹਟ ਕੇ ਹੈ। ਇਸ ਨਾਵਲ ਵਿਚ ਲੇਖਕ ਨੇ ਪਾਤਰਾਂ ਦੇ ਮਨੋਵਿਗਿਆਨਕ ਚਿਤਰਣ ਵੱਲ ਖਾਸ ਧਿਆਨ ਦਿੱਤਾ ਹੈ। ਇਸ ਵਿਚ ਔਰਤ-ਮਰਦ ਦੇ ਆਪਸੀ ਸੰਬੰਧਾਂ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। ਇਹ ਇਕ ਦੁਨਿਆਵੀ ਸੱਚ ਹੈ ਕਿ ਔਰਤ ਅਤੇ ਮਰਦ ਦੇ ਆਪਸੀ ਪਿਆਰ ਦੇ ਸਮਾਨਅੰਤਰ ਈਰਖਾ ਵੀ ਚਲਦੀ ਰਹਿੰਦੀ ਹੈ। ਇਹੋ ਨਹੀਂ ਇਕੋ ਔਰਤ ਪ੍ਰਤੀ ਮਰਦਾਂ ਵਿਚ ਅੰਨ੍ਹੀ ਦੌੜ ਵੀ ਲੱਗੀ ਰਹਿੰਦੀ ਹੈ। ਇਥੋਂ ਤੱਕ ਕਿ ਕਈ ਵਾਰ ਇਸ ਦੌੜ ਵਿਚ ਪਿਉ-ਪੁੱਤਰ ਵੀ ਇਕ ਦੂਜੇ ਦੇ ਮੁਕਾਬਲੇ ਵਿਚ ਖੜ੍ਹੇ ਹੋ ਜਾਂਦੇ ਹਨ। ਦੂਜੇ ਪਾਸੇ ਕਈ ਮਰਦਾਂ ਨੂੰ ਇਹ ਪਤਾ ਵੀ ਹੁੰਦਾ ਹੈ ਕਿ ਉਹਨਾਂ ਦੇ ਦਿਲ ਵਿਚ ਜਿਸ ਔਰਤ ਪ੍ਰਤੀ ਲਾਲਸਾ ਹੈ, ਉਹ ਕਿਸੇ ਦੂਜੇ ਮਰਦ ਨਾਲ ਗ਼ੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਹੈ। ਅਜਿਹੇ ਪਾਤਰਾਂ ਦਾ ਵਿਸ਼ਲੇਸ਼ਣ ਸਤਹੀ ਤੌਰ ‘ਤੇ ਨਹੀਂ ਬਲਕਿ ਮਨੁੱਖੀ ਮਨ ਦੀਆਂ ਮਨੋਵਿਗਿਆਨਕ ਰੁਚੀਆਂ ਅਨੁਸਾਰ ਹੀ ਕੀਤਾ ਜਾ ਸਕਦਾ ਹੈ। ਮਸਲਨ ਵਾਸੀਲੀ ਜੋ ਪਤਨੀ ਅਤੇ ਗੱਭਰੂ ਲੜਕੇ ਦੇ ਹੋਣ ਦੇ ਬਾਵਜੂਦ ਮਾਲਵਾ ਨਾਂ ਦੀ ਔਰਤ ਨਾਲ ਰਹਿ ਰਿਹਾ ਹੈ ਅਤੇ ਉਹ ਆਪਣੇ ਪਹਿਲੇ ਪਰਿਵਾਰ ਨਾਲੋਂ ਰਿਸ਼ਤਾ ਤੋੜ ਹੀ ਚੁੱਕਿਆ ਹੈ। ਇਥੇ ਪ੍ਰਸਿੱਧ ਮਨੋਵਿਗਿਆਨੀ ਐਡਲਰ ਦੇ ਮਨੋਵਿਗਿਆਨਕ ਸਿਧਾਂਤਾਂ ਅਨੁਸਾਰ ਹੀ ਅਜਿਹੇ ਬਹੁ-ਪਰਤੀ ਪਾਤਰਾਂ ਅਤੇ ਅਵਸਥਾਵਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਜਦੋਂ ਮਾਲਵਾ, ਵਸੀਲੀ ਦੇ ਜਵਾਨ ਪੁੱਤਰ ਯਾਕੋਵ ਨੂੰ ਲੈ ਕੇ ਆਉਂਦੀ ਹੈ ਅਤੇ ਦੋਵੇਂ ਇਕ-ਦੂਜੇ ਪ੍ਰਤੀ ਖਿੱਚੇ ਵੀ ਜਾਂਦੇ ਹਨ ਤਾਂ ਫਰਾਇਡ ਦਾ ਕਾਮ ਸੰਬੰਧੀ ਪੇਸ਼ ਕੀਤਾ ਸਿਧਾਂਤ ਠੀਕ ਲੱਗਦਾ ਹੈ ਕਿ ਦੁਨੀਆਂ ਵਿਚ ਆਪਸੀ ਰਿਸ਼ਤਿਆਂ ਦੀ ਨੀਂਹ ਕਾਮ ਤੇ ਟਿਕੀ ਹੁੰਦੀ ਹੈ। ਜਦੋਂ ਵਸੀਲੀ ਅਤੇ ਉਸਦੇ ਪੁੱਤਰ ਵਿਚ ਮਾਲਵਾ ਨੂੰ ਲੈ ਕੇ ਹੱਥੋ-ਪਾਈ ਹੋ ਜਾਂਦੀ ਹੈ ਅਤੇ ਬਾਅਦ ਵਿਚ ਮਾਲਵਾ ਇਹ ਮੰਨਦੀ ਹੈ ਕਿ ਉਸ ਨੇ ਜਾਣ-ਬੁਝ ਕੇ ਪਿਉ-ਪੁੱਤਰ ਦੀ ਲੜਾਈ ਕਰਵਾਈ ਸੀ ਤਾਂ ਇਹ ਕਥਨ ਸੱਚ ਸਾਬਤ ਹੁੰਦਾ ਹੈ ਕਿ “ਪਿਆਰ ਅਤੇ ਦੁਸ਼ਮਣੀ ਵਿਚ ਸਭ ਜਾਇਜ਼ ਹੈ”। ਮਾਲਵਾ ਦਾ ਇਕ ਰੂਪ ਹੋਰ ਸਾਹਮਣੇ ਆਉਂਦਾ ਹੈ ਜਦੋਂ ਉਹ ਵਾਸੀਲੀ ਨੂੰ ਕਹਿੰਦੀ ਹੈ ਕਿ “ਉਹ ਤੁਹਾਡੇ ਵਿਚੋਂ ਕਿਸੇ ਨੂੰ ਵੀ ਪਿਆਰ ਨਹੀਂ ਕਰਦੀ। ਨਾਵਲ ਦੇ ਅੰਤ ਵਿਚ ਜਦੋਂ ਵਸੀਲੀ, ਮਾਲਵਾ ਨੂੰ ਛੱਡ ਕੇ ਚਲਿਆ ਜਾਂਦਾ ਹੈ ਤਾਂ ਨਾਵਲ ਦਾ ਚੌਥਾ ਪਾਤਰ ਸੇਰਯੋਜਕਾ, ਯਾਕੋਵ ਨੂੰ ਚਿਤਾਵਨੀ ਵੀ ਦਿੰਦਾ ਹੈ ਅਤੇ ਉਸਦੀ ਕੁੱਟ-ਮਾਰ ਵੀ ਕਰਦਾ ਹੈ ਕਿ ਉਹ ਮਾਲਵਾ ਤੋਂ ਦੂਰ ਰਹੇ ਤੇ ਇਕ ਵਾਰ ਫੇਰ ਇਹ ਸਪਸ਼ਟ ਹੋ ਜਾਂਦਾ ਹੈ ਕੇ  ਕਾਮੁਕ ਰਿਸ਼ਤਿਆਂ ਵਿਚ ਇਨਸਾਨ ਮਰਨ-ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਸ ਪ੍ਰਕਾਰ ਇਹ ਨਾਵਲ ਮਨੁੱਖੀ ਸੁਭਾਅ ਦੇ ਬਹੁ-ਪਰਤੀ ਵਿਵਹਾਰ ਦੀ ਸਫਲ ਪੇਸ਼ਕਾਰੀ ਕਰਦਾ ਹੈ। ਨਾਵਲਕਾਰ ਨੇ ਚਾਰ ਪਾਤਰਾਂ ਰਾਹੀਂ ਹੀ ਦੁਨਿਆਵੀ ਹਕੀਕਤਾਂ ਅਤੇ ਮਨੁੱਖੀ ਮਨ ਦੀਆਂ ਗੁੰਝਲਦਾਰ ਪਰਤਾਂ ਨੂੰ ਰੂਪਮਾਨ ਕਰ ਦਿੱਤਾ ਹੈ।

   ਹੁਣ ਕੁਝ ਗੱਲਾਂ ਨਾਵਲ ਦੇ ਅਨੁਵਾਦ ਸੰਬੰਧੀ। ਅਸਲ ਵਿਚ ਅਨੁਵਾਦਿਤ ਰਚਨਾ ਵਿਚ ਮੂਲ ਪੁਸਤਕ ਦੀ ਸਾਰਥਿਕਤਾ ਦੇ ਨਾਲ-ਨਾਲ ਅਨੁਵਾਦਕ ਦੀ ਕਲਾ ਦੀ ਪਰਖ ਵੀ ਜ਼ਰੂਰੀ ਹੁੰਦੀ ਹੈ। ‘ਮਾਲਵਾ’ ਰੂਸੀ ਭਾਸ਼ਾ ਦਾ ਨਾਵਲ ਹੈ, ਜਿਸ ਵਿਚ ਕੁਦਰਤੀ ਹੀ ਰੂਸੀ ਮਾਹੌਲ, ਉਥੋਂ ਦੇ ਸਭਿਆਚਾਰ ਦੀ ਪੇਸ਼ਕਾਰੀ ਕੀਤੀ ਹੋਵੇਗੀ। ਰੂਸੀ ਭਾਸ਼ਾ ਦੀਆਂ ਆਪਣੀਆਂ ਵਿਸ਼ੇਸ਼ ਗੱਲਾਂ ਹਨ, ਆਪਣਾ ਮੁਹਾਵਰਾ ਹੈ ਅਤੇ ਆਪਣਾ ਵਿਆਕਰਣ ਹੈ। ਇਸ ਸਭ ਕੁਝ ਨੂੰ ਅਨੁਵਾਦ ਵਾਲੀ ਭਾਸ਼ਾ ਦੇ ਮੁਤਾਬਿਕ ਢਾਲਣਾ ਕੋਈ ਸਹਿਜ ਕਾਰਜ ਨਹੀਂ। ਇਸੇ ਲਈ ਅਨੁਵਾਦਿਤ ਰਚਨਾ ਨੂੰ ਦੋ ਭਾਸ਼ਾਵਾਂ ਦੇ ਵਿਚ ਪੁਲ ਕਿਹਾ ਜਾਂਦਾ ਹੈ। 111 ਪੰਨਿਆਂ ਦੇ ਇਸ ਨਾਵਲ ਨੂੰ ਪੜ੍ਹਦੇ ਹੋਏ ਨਵ ਸੰਗੀਤ ਦੁਆਰਾ ਕੀਤੇ ਇਸ ਅਨੁਵਾਦ ਵਿਚੋਂ ਉਸਦੀ ਪੰਜਾਬੀ ਭਾਸ਼ਾ ‘ਤੇ ਪੀਡੀ ਪਕੜ ਦਾ ਹੀ ਪਤਾ ਨਹੀਂ ਲੱਗਦਾ, ਸਗੋਂ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੇ ਰੂਸੀ ਭਾਸ਼ਾ ਦੀ ਸਾਹਿਤਕ ਕਿਰਤ ਨੂੰ ਪੰਜਾਬੀ ਰੂਪ ਵਿਚ ਢਾਲ ਦਿੱਤਾ ਹੈ। ਇਸ ਦੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਨਾਵਲ ਦੇ ਪਹਿਲੇ ਕਾਂਡ ਵਿਚ ਹੀ ਉਸ ਵੱਲੋਂ ਉਲੀਕੇ ਦ੍ਰਿਸ਼ ਵਿਚ ਉਸਦੀ ਸ਼ਬਦ-ਚੋਣ ਸਲਾਹੁਣਯੋਗ ਹੈ—“ਹਵਾ ਸਮੁੰਦਰ ਦੀ ਰੇਸ਼ਮੀ ਛਾਤੀ ਨੂੰ ਪਿਆਰ ਨਾਲ ਥਪਥਪਾ ਰਹੀ ਸੀ, ਸੂਰਜ ਆਪਣੀਆਂ ਗਰਮ ਕਿਰਨਾਂ ਨਾਲ ਉਹਨੂੰ ਨਿੱਘ ਦੇ ਰਿਹਾ ਸੀ, ਤੇ ਸਮੁੰਦਰ ਜਿਵੇਂ ਇਹਨਾਂ ਕੋਮਲ ਥਪਕੀਆਂ ਨਾਲ ਨੀਂਦ-ਵਿਗੁਤਾ ਸਾਹ ਲੈ ਰਿਹਾ ਸੀ, ਅਤੇ ਗਰਮ ਹਵਾ ਨੂੰ ਨਮਕੀਨ ਮਹਿਕ ਨਾਲ ਭਰ ਰਿਹਾ ਸੀ।”

ਇਸੇ ਤਰਾਂ ਹੀ ਜਦੋਂ ਮਾਲਵਾ, ਵਾਸੀਲੀ ਦੇ ਪੁੱਤਰ ਨੂੰ ਲੈ ਕੇ ਆਉਂਦੀ ਹੈ ਤਾਂ ਦੋਹਾਂ ਦੀ ਆਪਸੀ ਵਾਰਤਾਲਾਪ ਦਾ ਪੰਜਾਬੀ ਲਹਿਜ਼ਾ ਦੇਖਣਯੋਗ ਹੈ:

“ਕੀ ਗੱਲ? ਆਪਣੇ ਬੇਟੇ ਨੂੰ ਮਿਲ ਕੇ ਤੈਨੂੰ ਕੋਈ ਖੁਸ਼ੀ ਨਹੀਂ ਹੋਈ?” ਹੱਸ ਕੇ ਉਹਨੇ ਪੁੱਛਿਆ।

“ਕਿਉਂ ਨਹੀਂ—ਉਹਦਾ ਹਾਸਾ ਵੇਖਿਐ? ਇਹ ਸਭ ਤੇਰੇ ਕਰਕੇ ਹੋ ਰਿਹਾ ਹੈ।” ਵਸੀਲੀ ਨੇ ਗਰਜ ਕੇ ਕਿਹਾ।

“ਅੱਛਾ! ਮੇਰੇ ਕਰਕੇ!” ਮਾਲਵਾ ਨੇ ਹਾਸੇ ਅਤੇ ਹੈਰਾਨੀ ਨਾਲ ਪੁੱਛਿਆ।

“ਹੋਰ ਕਿਸ ਕਰਕੇ?”

ਇਸ ਤੋਂ ਇਲਾਵਾ ਨਵ ਸੰਗੀਤ ਨੇ ਥਾਂ ਪੁਰ ਥਾਂ ਮੌਕੇ ਮੁਤਾਬਿਕ ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਕੇ ਨਿਰੋਲ ਪੰਜਾਬੀ ਮਾਹੌਲ ਸਿਰਜਿਆ ਹੈ, ਜਿਵੇਂ: ਗਲਵਕੜੀ, ਮਿੱਟੀ ਰੰਗੇ ਪਰਛਾਵੇਂ, ਥਥਲਾਉਂਦੇ, ਖਿਸਕ, ਲਾਲਾਂ ਡਿੱਗ ਸਕਦੀਆਂ ਨੇ, ਝਪੱਟਾ ਮਾਰ ਕੇ, ਟਾਕੀਆਂ, ਟਕੇ ਵਰਗਾ ਜੁਆਬ, ਊਟ ਪਟਾਂਗ ਆਦਿ।

ਥਾਂ ਪੁਰ ਥਾਂ ਸਮੁੰਦਰੀ ਤਟ ਦੇ ਦ੍ਰਿਸ਼ ਨੂੰ ਵੀ ਕਲਾਤਮਕ ਢੰਗ ਨਾਲ ਪ੍ਰਗਟਾਇਆ ਗਿਆ ਹੈ।

ਸਿਰਫ ਨਾਵਲ ਦੇ ਪਾਤਰਾਂ ਦੇ ਨਾਵਾਂ ਤੋਂ ਇਲਾਵਾ ਸਾਰਾ ਨਾਵਲ ਹੀ ਪੰਜਾਬੀ ਲਗਦਾ ਹੈ. ਇਹੋ ਇਸ ਅਨੁਵਾਦ ਦੀ ਖਾਸਇਤ ਹੈ.

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ‘ਮਾਲਵਾ’ ਨਾਵਲ ਦੇ ਪੰਜਾਬੀ ਅਨੁਵਾਦ ਨਾਲ ਜਿਥੇ ਪ੍ਰੋ. ਨਵ ਸੰਗੀਤ ਸਿੰਘ ਦੀ ਅਨੁਵਾਦ ਕਲਾ ਨੇ ਇਕ ਨਵੀਂ ਪੁਲਾਂਘ ਪੱਟੀ ਹੈ, ਉਥੇ ਹੀ ਪੰਜਾਬੀ ਅਨੁਵਾਦ ਦੇ ਖ਼ਜ਼ਾਨੇ ਵਿਚ ਨਿੱਗਰ ਵਾਧਾ ਵੀ ਹੋਇਆ ਹੈ। ਇਕਰਸ ਪਬਲਿਸ਼ਰ, ਖੰਨਾ (ਪੰਜਾਬ) ਵੱਲੋਂ 111 ਪੰਨਿਆਂ ਦੇ ਇਸ ਨਾਵਲ ਦਾ ਮੁੱਲ 249/- ਰੁਪਏ ਹੈ। ਪੁਸਤਕ ਦਾ ਟਾਈਟਲ ਅਤੇ ਛਪਾਈ ਉੱਤਮ ਦਰਜੇ ਦੀ ਹੈ।

ਰਵਿੰਦਰ ਸਿੰਘ ਸੋਢੀ

001-604-369-2371

ਕੈਲਗਰੀ, ਕੈਨੇਡਾ

Leave a Comment

Your email address will not be published. Required fields are marked *

Scroll to Top