ਲੇਖਕ:- ਪ੍ਰੋ. ਗੁਰਭਜਨ ਗਿੱਲ (ਮੋ. 98726-31199)
ਪੰਜਾਬੀ ਗ਼ਜ਼ਲ ਦੇ ਸਮਰੱਥ ਸ਼ਾਇਰ ਅਮਰੀਕ ਡੋਗਰਾ ਦਾ ਜਨਮ 15 ਮਾਰਚ 1946 ਨੂੰ ਗੜ੍ਹਦੀਵਾਲਾ(ਹੋਸ਼ਿਆਰਪੁਰ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਪਿਤਾ ਸਃ ਗੁਰਚਰਨ ਸਿੰਘ ਦੇ ਘਰ ਹੋਇਆ। ਉਸਦੇ ਪਿਤਾ ਜੀ ਪਹਿਲਾਂ ਜੱਬਲਪੁਰ(ਮੱਧ ਪ੍ਰਦੇਸ਼) ਵਿੱਚ ਲੱਕੜ ਦੇ ਕਾਰੋਬਾਰੀ ਸਨ ਪਰ ਬਾਦ ਵਿੱਚ ਦਿੱਲੀ ਆ ਗਏ। ਲੱਕੜ ਦੀ ਠੇਕੇਦਾਰੀ ਤੋਂ ਕਿਰਤ ਦਾ ਮਾਰਗ ਬਹੁਤ ਬਿਖਮ ਸੀ ਜਿਸ ਵਿੱਚ ਅਮਰੀਕ ਨੂੰ ਵੀ ਨਿੱਕੀ ਉਮਰੇ ਲੱਕੜ ਕਾਰੀਗਰੀ ਸਿੱਖਣੀ ਤੇ ਅਪਨਾਉਣੀ ਪਈ। ਲੱਕੜਾਂ ਬੀੜਦਾ ਬੀੜਦਾ ਉਹ ਸ਼ਬਦ ਬੀੜਨ ਦਾ ਮਾਹਿਰ ਹੋ ਗਿਆ। ਗ਼ਜ਼ਲ ਸਿਰਜਣ ਵਿੱਚ ਉਸ ਦੀ ਮੁਹਾਰਤ ਕਮਾਲ ਹੈ।
ਉਸ ਦਾ ਸ਼ੌਕ ਸਾਹਿਤ ਅਤੇ ਫ਼ਿਲਮਾਂ ਵਿੱਚ ਜਾਣ ਦਾ ਸੀ ਜਿਸ ਖ਼ਾਤਰ ਉਹ ਮੁੰਬਈ ਵੀ ਗਿਆ ਅਤੇ ਬਾਅਦ ਵਿੱਚ ਆਪਣੇ ਬਾਪ ਕੋਲ਼ ਦਿੱਲੀ ਆ ਗਿਆ ਜਿੱਥੇ ਉੇਸ ਦਾ ਵਾਸਤਾ ਗਿਆਨੀ ਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਤਾਰਾ ਸਿੰਘ ਕਾਮਲ ਦੇਵਿੰਦਰ ਸਤਿਆਰਥੀ ਅਤੇ ਡਾਃ ਸਤਿੰਦਰ ਸਿੰਘ ਨੂਰ ਵਰਗੇ ਲੇਖਕਾਂ ਨਾਲ਼ ਪਿਆ। ਇਨ੍ਹਾਂ ਗੁਣੀਜਨਾਂ ਦੀ ਸੰਗਤ ਨੇ ਉਸ ਦੀ ਲੇਖਣੀ ਨੂੰ ਪ੍ਰਭਾਵਤ ਕੀਤਾ ਉਹ ਆਰਸੀ ਮੈਗਜ਼ੀਨ ਵਿੱਚ ਅਕਸਰ ਛਪਦਾ ਸੀ ਜਿਸ ਕਾਰਨ ਉਹ ਮੇਰਾ ਪਸੰਦੀਦਾ ਗ਼ਜ਼ਲਕਾਰ ਬਣ ਗਿਆ। ਉਸ ਨਾਲ ਮੇਰੀ ਪਹਿਲੀ ਮੁਲਾਕਾਤ ਵੀ ਭਾਪਾ ਪ੍ਰੀਤਮ ਸਿੰਘ ਜੀ ਨੇ ਹੀ ਪਲੱਈਅਰ ਗਾਰਡਨ ਮਾਰਕੀਟ ਨਵੀਂ ਦਿੱਲੀ ਚ ਨਵਯੁਗ ਪਰੈੱਸ ਵਾਲੇ ਦਫ਼ਤਰ ਵਿੱਚ ਹੀ ਦੇਵਿੰਦਰ ਸਤਿਆਰਥੀ ਜੀ ਅਤੇ ਆਰਸੀ ਪਬਲਿਸ਼ਰਜ਼ ਵਾਲੇ ਸਃ ਗੁਰਬਚਨ ਸਿੰਘ ਜੀ ਦੀ ਹਾਜ਼ਰੀ ਵਿੱਚ ਕਰਵਾਈ ਸੀ। ਇਹ ਗੱਲ ਸ਼ਾਇਦ 1984 ਤੋਂ ਪਹਿਲਾਂ ਦੀ ਹੈ। ਉਦੋਂ ਉਹ ਅੰਮ੍ਰਿਤ ਪੱਤਰਿਕਾ ਅਖ਼ਬਾਰ ਲਈ ਕੰਮ ਕਰਦਾ ਸੀ।
1990 ਤੋਂ ਬਾਦ ਵਿੱਚ ਜਦ ਉਹ ਜਲੰਧਰ ਵਿੱਚ ਰੋਜ਼ਾਨਾ ਅਜੀਤ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਿਲ ਹੋ ਗਿਆ ਤਾਂ ਮੁਲਾਕਾਤਾਂ ਵਧ ਗਈਆਂ।
2005 ਵਿੱਚ ਸੇਵਾਮੁਕਤ ਹੋ ਕੇ ਉਸ ਨਿਊਯਾਰਕ ਤੋਂ ਛਪਦੇ ਸਪਤਾਹਿਕ ਸ਼ੇਰੇ ਪੰਜਾਬ ਲਈ ਚਾਰ ਸਾਲ ਸੰਪਾਦਕੀ ਕਾਰਜ ਕੀਤਾ। ਸਪੋਕਸਮੈਨ ਅਖ਼ਬਾਰ ਦੇ ਸੰਪਾਦਕੀ ਮੰਡਲ ਵਿੱਚ ਵੀ ਚਾਰ ਸਾਲ ਕੰਮ ਕੀਤਾ। ਉਹ ਇੰਗਲੈਂਡ ਵੀ ਗਿਆ ਪਰ ਜਲਦੀ ਪਰਤ ਆਇਆ।
ਹੁਣ ਉਹ ਆਪਣੇ ਪਿੰਡ ਗੜ੍ਹਦੀਵਾਲਾ (ਹੋਸ਼ਿਆਰਪੁਰ) ਵਿੱਚ ਵੱਸਦਾ ਹੈ।
ਅਮਰੀਕ ਡੋਗਰਾ ਦੇ ਹੁਣ ਤੀਕ ਅੱਠ ਗ਼ਜ਼ਲ ਸੰਗ੍ਰਹਿ ਪਰਕਰਮਾ,ਸੁਨਹਿਰੀ ਬੀਨ,ਅਲਵਿਦਾ ਨਹੀਂ,ਇਕੱਲ ਦਾ ਸਫ਼ਰ,ਕੱਚ ਦਾ ਗੁੰਬਦ,ਝਾਂਜਰ ਵੀ ਜ਼ੰਜੀਰ ਵੀ,ਗੁਲਬੀਨ ਤੇ ਸ਼ਬਦ ਸ਼ਬਦ ਗੁਲਾਬ ਛਪ ਚੁਕੇ ਹਨ।
ਉਸਦਾ ਮਿੱਤਰ ਹਰਕੰਵਲ ਕੇਰਪਾਲ ਕਹਿੰਦਾ ਹੈ ਕਿ ਅਮਰੀਕ ਡੋਗਰਾ ਦੀ ਸ਼ਾਇਰੀ ਵਿੱਚ ਭਾਸ਼ਾਈ ਸੋਹਜ,ਡੂੰਘਾ ਦਾਰਸ਼ਨਿਕ ਖ਼ਿਆਲ, ਮਾਨਵੀ ਸੰਵੇਦਨਾ ਦੀ ਸ਼ਿੱਦਤ ,ਪੰਜਾਬੀ ਗਜ਼ਲ ਦੀ ਪਰਪੱਕਤਾ ਦਾ ਪ੍ਰਮਾਣ ਹੈ । ਇਸ ਸ਼ਾਇਰ ਬਾਰੇ ਘੱਟ ਜ਼ਿਕਰ ਹੋਇਆ ਹੈ। ਪੰਜਾਬੀ ਕਵੀ ਡਾਃ ਜਨਮੀਤ ਨੇ ਉਸ ਬਾਰੇ ਠੀਕ ਹੀ ਕਿਹਾ ਹੈ ਕਿ ਅਮਰੀਕ ਡੋਗਰਾ ਪੰਜਾਬੀ ਦਾ ਦਰਵੇਸ਼ ਸ਼ਾਇਰ ਹੈ ।ਅਮਰੀਕ ਡੋਗਰਾ ਦੀ ਦਰਵੇਸ਼ ਤਬੀਆਤ ਨੂੰ ਸਲਾਮ!
ਮੈਨੂੰ ਮਾਣ ਹੈ ਕਿ ਉਹ ਮੇਰਾ ਪਿਆਰਾ ਮਿੱਤਰ ਹੈ, ਜਿਸ ਕੋਲ ਕਹਿਣ ਲਈ ਬਹੁਤ ਕੁਝ ਹੈ। ਉਸ ਦੀਆਂ ਗ਼ਜ਼ਲਾਂ ਵਿੱਚ ਧਰਤੀ ਆਪਣਾ ਦੁੱਖ ਸੁਖ ਸੁਣਾਉਂਦੀ ਹੈ।
ਪੇਸ਼ ਹੈ ਉਸ ਦੀ ਇੱਕ ਗ਼ਜ਼ਲ:-
ਅਮਰੀਕ ਡੋਗਰਾ
ਬੜੇ ਸਾਧ ਨੇ , ਬੜੇ ਸੰਤ ਨੇ , ਕੋਈ ਪੀਰ ਹੈ ਜਾਂ ਫ਼ਕੀਰ ਹੈ ।
ਇਹ ਅਜੀਬ ਹੈ ਕਿ ਕਿਤੇ ਵੀ ਹੁਣ , ਨਾ ਫ਼ਰੀਦ ਹੈ ਨਾ ਕਬੀਰ ਹੈ ।
ਕਦੀ ਜ਼ਖਮ ਹੈ , ਕਦੀ ਫੁੱਲ ਹੈ , ਕਦੀ ਅੱਗ ਦੀ ਇਹ ਲਕੀਰ ਹੈ
ਇਹ ਜੋ ਇਸ਼ਕ ਹੈ , ਇਹੀ ਰੱਬ ਹੈ , ਇਹ ਦਾ ਆਦਿ ਹੈ ਨਾ ਅਖੀਰ ਹੈ ।
ਇਨਾਂ ਰਹਿਨੁਮਾਵਾਂ ਤੋਂ ਆਸ ਕੀ , ਬਿਨਾਂ ਲਾਰਿਆਂ ਇਨਾਂ ਪਾਸ ਕੀ
ਨਾ ਇਨਾਂ ਦਾ ਕੋਈ ਅਸੂਲ ਹੈ , ਨਾਂ ਇਨਾਂ ਦੀ ਕੋਈ ਜ਼ਮੀਰ ਹੈ ।
ਮੇਰੇ ਖ਼ੂਨ ਵਿਚ ਹੀ ਜਨੂੰਨ ਹੈ , ਰਤਾ ਚੈਨ ਹੈ ਨਾ ਸਕੂਨ ਹੈ
ਮੇਰੇ ਹਰ ਤਰਫ਼ ਹੀ ਨੇ ਸਾਜ਼ਿਸ਼ਾਂ, ਨਾ ਸੁਗੰਧ ਹੈ ਨਾਂ ਸਮੀਰ ਹੈ ।
ਇਹ ਸਮਾਂ ਕਿਹੋ ਜਿਹਾ ਆ ਗਿਆ ਕਿ ਜੜਾਂ ਨੇ ਰੁੱਖ ਨੂੰ ਹੈ ਖਾ ਲਿਆ
ਨਾਂ ਦਿਲਾਂ ‘ਚ ਕੋਈ ਉਮੰਗ ਹੈ ਤੇ ਨਾ ਅੱਖੀਆਂ ‘ਚ ਹੀ ਨੀਰ ਹੈ ।
ਤੈਨੂੰ ਜ਼ਰ-ਜ਼ਮੀਨ ਦਾ ਮਾਣ ਹੈ , ਮੇਰੇ ਨਾਲ ਸਾਰਾ ਜਹਾਨ ਹੈ
ਮੇਰਾ ਇਸ਼ਕ ਮੇਰਾ ਈਮਾਨ ਹੈ , ਮੇਰੀ ਹਰ ਤਰਫ਼ ਹੀ ਜਗੀਰ ਹੈ ।
ਤੇਰੇ ਹਿਜਰ ਵਿਚ ਮੇਰੀ ਹਰ ਘੜੀ ਜਿਵੇਂ ਬੀਤਦੀ ਹੈ ਤੜਪਦਿਆਂ
ਜਿਵੇਂ ਉਡਦੇ ਪੰਛੀ ਦੇ ਕਾਲਜੇ ‘ਚ ਅਟਕ ਗਿਆ ਕੋਈ ਤੀਰ ਹੈ।
ਬਹੁਤ ਹੀ ਵਧੀਆ ਉਪਰਾਲਾ ਜੀ। ਉਮੀਦ ਹੈ ਇਸ ਉਪਰਾਲਾ ਦੁਨੀਆ ਭਰ ਵੀ ਵਸਦੇ ਪੰਜਾਬੀਆਂ ਦੀ ਸਾਹਿਤਕ ਭੁੱਖ ਨੂੰ ਪੂਰੀ ਕਰੇਗਾ।
ਬਹੁਤ ਬਹੁਤ ਮਬਾਰਕਾਂ!!
ਸ਼ੁਕਰਾਨਾ ਜੀਓ।