ਮਿੰਨੀ ਕਹਾਣੀ: ਪੇਂਡੂ ਦੀ ਅਕਲ
ਮੂਲ ਲੇਖਕ: ਲੀਓ ਟਾਲਸਟਾਏ, ਪੰਜਾਬੀ ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ
ਇੱਕ ਸ਼ਹਿਰ ਦੇ ਚੌਰਾਹੇ ਤੇ ਇੱਕ ਵੱਡਾ ਸਾਰਾ ਪੱਥਰ ਪਿਆ ਸੀ। ਇਹ ਪੱਥਰ ਐਨਾ ਵੱਡਾ ਸੀ ਕਿ ਆਵਾਜਾਈ ਵਿੱਚ ਵਿਘਨ ਪਾਉਂਦਾ ਸੀ। ਉਸ ਪੱਥਰ ਨੂੰ ਹਟਾਉਣ ਲਈ ਇੰਜੀਨੀਅਰਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਪੱਥਰ ਨੂੰ ਕਿਵੇਂ ਹਟਾਇਆ ਜਾਵੇ ਤੇ ਇਸਨੂੰ ਹਟਾਉਣ ਵਿੱਚ ਕਿੰਨਾ ਖਰਚਾ ਆਵੇਗਾ।
ਇੱਕ ਇੰਜੀਨੀਅਰ ਨੇ ਕਿਹਾ ਕਿ ਇਸ ਪੱਥਰ ਦੇ ਟੁੱਕੜੇ ਕਰਨੇ ਪੈਣਗੇ ਅਤੇ ਉਨ੍ਹਾਂ ਟੁਕੜਿਆਂ ਨੂੰ ਗੱਡੀ ਜਾਂ ਠੇਲੇ ਵਿੱਚ ਲੱਦ ਕੇ ਲਿਜਾਣਾ ਪਵੇਗਾ। ਇਸ ‘ਤੇ ਕਰੀਬ ਅੱਠ ਹਜ਼ਾਰ ਰੁਪਏ ਦਾ ਖਰਚਾ ਹੋਵੇਗਾ।
ਦੂਜੇ ਇੰਜੀਨੀਅਰ ਨੇ ਸਲਾਹ ਦਿੱਤੀ ਕਿ ਪੱਥਰ ਹੇਠਾਂ ਇੱਕ ਮਜ਼ਬੂਤ ਠੇਲੇ ਦਾ ਫੱਟਾ ਲਾਇਆ ਜਾਵੇ ਅਤੇ ਇਸ ਪੱਥਰ ਨੂੰ ਉਸ ਤੇ ਲੱਦ ਕੇ ਲਿਜਾਇਆ ਜਾਵੇ। ਇਸ ਵਿੱਚ ਕਰੀਬ ਛੇ ਹਜ਼ਾਰ ਦਾ ਖਰਚਾ ਹੋਵੇਗਾ।
ਉੱਥੇ ਇੱਕ ਪੇਂਡੂ ਬੰਦਾ ਵੀ ਖੜ੍ਹਾ ਸੀ, ਜੋ ਇਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹ ਬੋਲਿਆ, “ਮੈਂ ਇਸ ਪੱਥਰ ਨੂੰ ਸਿਰਫ਼ ਸੌ ਰੁਪਏ ਦੇ ਖਰਚੇ ਵਿੱਚ ਹਟਾ ਸਕਦਾ ਹਾਂ।”
ਉਸਤੋਂ ਪੁੱਛਿਆ ਗਿਆ ਕਿ ਉਹ ਅਜਿਹਾ ਕਿਵੇਂ ਕਰੇਗਾ?
ਉਹਨੇ ਦੱਸਿਆ, “ਮੈਂ ਇਸ ਪੱਥਰ ਦੇ ਬਿਲਕੁਲ ਨੇੜੇ ਇੱਕ ਵੱਡਾ ਸਾਰਾ ਟੋਆ ਪੁੱਟਵਾਵਾਂਗਾ। ਉਸ ਵੱਡੇ ਟੋਏ ਵਿੱਚ ਇਸ ਪੱਥਰ ਨੂੰ ਸੁਟਵਾ ਦਿਆਂਗਾ। ਉੱਤੋਂ ਖੋਦੀ ਹੋਈ ਮਿੱਟੀ ਨਾਲ ਢੱਕ ਕੇ ਇਹਨੂੰ ਪੱਧਰਾ ਕਰਵਾ ਦਿਵਾਂਗਾ।” ਅਧਿਕਾਰੀਆਂ ਨੂੰ ਉਸਦੀ ਯੋਜਨਾ ਪਸੰਦ ਆਈ ਅਤੇ ਉਸਨੂੰ ਸਹਿਮਤੀ ਦੇ ਦਿੱਤੀ। ਪੇਂਡੂ ਨੇ ਉਵੇਂ ਹੀ ਕੀਤਾ। ਉਹਨੂੰ ਸੌ ਰੁਪਏ ਖਰਚੇ ਦੇ ਤਾਂ ਮਿਲੇ ਹੀ, ਨਾਲ ਹੀ ਸੌ ਰੁਪਏ ਇਨਾਮ ਦੇ ਵੀ ਮਿਲੇ।